ਕੈਪਟਨ ਦੇ ਗੜ੍ਹ ’ਚ ਸਿੱਧੂ ਜੋੜੀ ਦੀਆਂ ਗਤੀਵਿਧੀਆਂ ਤੇਜ਼, ਕਿਹਾ-ਗੱਲਾਂ ਬਹੁਤ ਹੋ ਚੁੱਕੀਆਂ ਹੁਣ...
Saturday, Apr 17, 2021 - 06:28 PM (IST)
ਪਟਿਆਲਾ (ਮਨਦੀਪ ਸਿੰਘ ਜੋਸਨ)- ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਅੱਜ ਪਟਿਆਲਾ ਦੇ ਸਨੌਰ ਵਿਖੇ ਇਕ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਦੀ ਆਮਦਨ ਵਧਾਉਣ ਨੂੰ ਲੈ ਕੇ ਪੰਜਾਬ ਵਿਚ ਅਫ਼ੀਮ ਦੀ ਖੇਤੀ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਫ਼ੀਮ ਦੀ ਖੇਤੀ ਸਰਕਾਰੀ ਕੰਟਰੋਲ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਫ਼ੀਮ ਦੀ ਖੇਤੀ ਇਸ ਲਈ ਪੰਜਾਬ ਵਿੱਚ ਰੋਕੀ ਗਈ ਸੀ ਕਿਉਂਕਿ ਪੰਜਾਬ 'ਚ ਸਿੰਥੈਟਿਕ ਡਰੱਗਜ਼ ਨਹੀਂ ਵਿਕ ਪਾ ਰਹੇ ਸੀ ।
ਇਥੇ ਦੱਸਣਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੋਰ ਸਿੱਧੂ ਨੇ ਮੁੱਖ ਮੰਤਰੀ ਦੇ ਜ਼ਿਲ੍ਹਾ ਪਟਿਆਲਾ 'ਚ ਲਾਮਬੰਦੀ ਸ਼ੁਰੂ ਕਰ ਲਈ ਹੈ। ਉਨ੍ਹਾਂ ਨੇ ਫਿਲਹਾਲ ਕਾਂਗਰਸ ਪਾਰਟੀ ਦੇ ਬੈਨਰ ਹੇਠ ਹੀ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਹੈ। ਸਿੱਧੂ ਜੋੜੀ ਨੇ ਜ਼ਿਲ੍ਹਾ ਪਟਿਆਲਾ ਵਿੱਚ ਆਪਣਾ ਆਧਾਰ ਬਣਾਉਣ ਲਈ ਕੰਮ ਵੰਡ ਲਏ ਹਨ। ਨਵਜੋਤ ਸਿੰਘ ਸਿੱਧੂ ਸਿੱਧੇ ਤੌਰ 'ਤੇ ਸਰਕਾਰ ਦੀਆਂ ਸਕੀਮਾਂ ਅਤੇ ਸਰਕਾਰ ਬਣਨ ਸਮੇਂ ਕੀਤੇ ਐਲਾਨਾਂ ਨੂੰ ਚੁਣੌਤੀ ਦੇ ਚੁੱਕੇ ਹਨ, ਜਦਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਲੋਕਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ
ਇਸੇ ਤਹਿਤ ਹੀ ਅੱਜ ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿੱਚ ਇਕ ਦਫ਼ਤਰ ਦਾ ਉਦਘਾਟਨ ਕਰਨ ਦੌਰਾਨ ਸਨੌਰ ਹਲਕਾ ਵਿਚ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਲੀਡਰਾਂ ਤੱਕ ਨਹੀਂ ਪੁੱਜ ਰਹੀ ਹੈ। ਇਸ ਲਈ ਉਹ ਅਤੇ ਉਨ੍ਹਾਂ ਦੀ ਟੀਮ ਲੋਕਾਂ ਦੀ ਆਵਾਜ਼ ਬਣੇਗੀ। ਇਸ ਦੌਰਾਨ ਸੂਬਾ ਸਰਕਾਰ ਦੀ ਗੱਲ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਰਕਾਰ ਪੱਧਰ 'ਤੇ ਪਹਿਲਾਂ ਗੱਲਾਂ ਬਹੁਤ ਹੋ ਚੁੱਕੀਆਂ ਹਨ ਪਰ ਸੁਨਣ ਅਤੇ ਸਮਝਣ ਵਾਲਾ ਵੀ ਹੋਣਾ ਚਾਹੀਦਾ ਹੈ।
ਪਾਰਟੀ ਦੇ ਮਾੜੇ ਲੋਕਾਂ ਨੂੰ ਸਪੋਰਟ ਨਹੀਂ ਕਰਦੇ
ਉਨ੍ਹਾਂ ਕਿਹਾ ਕਿ ਹੁਣ ਤਾਂ ਚਾਰ ਸਾਲ ਤੋਂ ਉਹ ਘਰ ਹੀ ਹਨ ਅਤੇ ਸਮਾਜ ਸੇਵੀ ਵਜੋਂ ਲੋਕਾਂ ਵਿੱਚ ਵਿਚਰ ਰਹੇ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਨਾਲ ਹਨ ਅਤੇ ਮਾੜ੍ਹੇ ਲੋਕਾਂ ਦੀ ਸਪੋਰਟ ਨਹੀਂ ਕਰਦੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਾਟ ਮਹਾਸਭਾ ਦੇ ਬੈਨਰ ਹੇਠ ਸੂਬੇ ਦੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ। ਡਾ. ਨਵਜੋਤ ਕੌਰ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਲਾਜਮੀ ਹਨ ਪਰ ਇਸ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਜੜ੍ਹ ਪੱਧਰ 'ਤੇ ਵੀ ਮਜਬੂਤ ਕਰਨ ਦੀ ਲੋੜ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਾਹਰੋਂ ਦਾਲਾਂ ਅਤੇ ਹੋਰ ਸਮੱਗਰੀ ਮੰਗਵਾਉਣ ਦੀ ਬਜਾਏ ਕਿਸਾਨਾਂ ਨੂੰ ਸਹੀ ਮੁੱਲ ਦੇ ਕੇ ਪੰਜਾਬ ਵਿਚ ਹੀ ਵੱਖ-ਵੱਖ ਤਰ੍ਹਾਂ ਦੀ ਖੇਤੀ ਕਰਵਾਏ। ਨਵਜੋਤ ਕੌਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਕਿਸਾਨ ਅਤੇ ਜਵਾਨ ਜਾਗਰੂਕ ਹੋਣ। ਕਿਸਾਨ ਖੇਤੀ ਢੰਗਾਂ ਵਿੱਚ ਬਦਲਾਅ ਲਿਆਉਣ ਅਤੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਖੇਤਾਂ ਦੀ ਮਿੱਟੀ ਨੂੰ ਸੋਨਾ ਬਣਾਉਣ।
ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਨਸ਼ਿਆਂ ਦੇ ਮੁੱਦੇ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਪੰਜਾਬ ਵਿੱਚ ਅਫ਼ੀਮ ਹੁੰਦੀ ਸੀ ਪਰ ਨਸ਼ਿਆਂ ਦੇ ਵਪਾਰੀਆਂ ਨੇ ਰਿਵਾਇਤੀ ਨਸ਼ਾ ਅਫ਼ੀਮ ਬੰਦ ਕਰਵਾ ਕੇ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ 'ਤੇ ਲਾ ਦਿੱਤਾ ਹੈ। ਸਿੰਥੈਟਿਕ ਨਸ਼ਿਆਂ ਨੂੰ ਖ਼ਤਮ ਕਰਨ ਲਈ ਅਫ਼ੀਮ ਦੀ ਖੇਤੀ ਸਿਸਟਮ ਤਹਿਤ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਹੁਣ ਤਾਂ ਕੈਨੇਡਾ ਅਤੇ ਅਮਰੀਕਾ ਵੀ ਅਫ਼ੀਮ ਦੀ ਮੰਗ ਕਰਨ ਲੱਗਾ ਹੈ। ਹਿਮਾਚਲ ਦੀ ਤਰਜ਼ 'ਤੇ ਪੰਜਾਬ ਵਿਚ ਖੇਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਲੱਖਪਤੀ ਹੋ ਸਕਦਾ ਹੈ, ਜੇ ਉਹ ਅਫੀਮ ਦੀ ਫਸਲ ਕਰਨ ਲੱਗ ਜਾਏਗਾ।ਅੱਜ ਵੀ ਬਾਕੀ ਸੂਬੀਆਂ ਤੋਂ ਅਫੀਮ ਪੰਜਾਬ ਵਿੱਚ ਆ ਹੀ ਰਹੀ ਹੈ।
ਇਹ ਵੀ ਪੜ੍ਹੋ : NRI ਪਤੀ ਦੀ ਕਰਤੂਤ ਨੇ ਉਡਾਏ ਪਤਨੀ ਦੇ ਹੋਸ਼, ਇੰਝ ਖੁੱਲ੍ਹਿਆ ਗਰਲਫਰੈਂਡ ਦਾ ਭੇਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?