ਸਿੱਧੂ ਦੀ ਗੈਰਮੌਜੂਦਗੀ ''ਚ ਮੈਡਮ ਸਿੱਧੂ ਨੇ ਸਾਂਭਿਆ ਮੋਰਚਾ, ਵੱਖਰੇ ਅੰਦਾਜ਼ ''ਚ ਆਏ ਨਜ਼ਰ (ਵੀਡੀਓ)
Monday, Jul 08, 2019 - 06:49 PM (IST)
ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਭਾਵੇਂ ਪਿਛਲੇ ਇਕ ਮਹੀਨੇ ਤੋਂ ਸਰਗਰਮ ਸਿਆਸਤ ਤੋਂ ਦੂਰ ਹਨ ਪਰ ਉਨ੍ਹਾਂ ਦੀ ਪਤਨੀ ਮੈਡਮ ਨਵਜੋਤ ਕੌਰ ਸਿੱਧੂ ਨੇ ਆਪਣੇ ਪੱਧਰ 'ਤੇ ਮੋਰਚਾ ਜ਼ਰੂਰ ਸੰਭਾਲ ਲਿਆ ਹੈ। ਸੋਮਵਾਰ ਨੂੰ ਮੈਡਮ ਸਿੱਧੂ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਉਤਰੇ ਅਤੇ ਸਵੱਛ ਭਾਰਤ ਅਧੀਨ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ। ਭਾਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਤੋਂ ਲੋਕਲ ਬਾਡੀਜ਼ ਮੰਤਰਾਲਾ ਖੋਹ ਲਿਆ ਹੈ ਪਰ ਬਾਵਜੂਦ ਇਸ ਦੇ ਸਿੱਧੂ ਪਰਿਵਾਰ ਦੇ ਮੋਹ ਇਸ ਮੰਤਰਾਲੇ ਪ੍ਰਤੀ ਨਹੀਂ ਘਟਿਆ। ਮੈਡਮ ਸਿੱਧੂ ਨੇ ਸੜਕਾਂ, ਖੰਭਿਆ ਅਤੇ ਪੁਲਾਂ ਹੇਠਾਂ ਲਗਾਏ ਗਏ ਬੂਟਿਆਂ ਦੇ ਨੇੜਿਓਂ ਕੂੜਾ ਚੁੱਕਿਆ ਅਤੇ ਸਫਾਈ ਕੀਤੀ।
ਇਸ ਦੌਰਾਨ ਸਫਾਈ ਕਰਮਚਾਰੀਆਂ ਦੀ ਘੱਟ ਗਿਣਤੀ ਦਾ ਹਵਾਲਾ ਦਿੰਦਿਆਂ ਮੈਡਮ ਸਿੱਧੂ ਨੇ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਬੀਬੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਸਫਾਈ ਸੇਵਕਾਂ ਦੀ ਸੂਚੀ ਮੰਗੀ ਸੀ ਪਰ ਦੋ ਸਾਲ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ। ਨਾਲ ਹੀ ਮੈਡਮ ਸਿੱਧੂ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ ਅਤੇ ਉਨ੍ਹਾਂ ਦੀ ਮੁਹਿੰਮ ਅਗਾਂਹ ਵੀ ਜਾਰੀ ਰਹੇਗੀ।