ਕਾਂਗਰਸ ਦੀ ਨਵਜੋਤ ਕੌਰ ਨੂੰ ਹਰਸਿਮਰਤ ਖਿਲਾਫ ਲੜਾਉਣ ਦੀ ਤਿਆਰੀ ਪਰ...

Thursday, Apr 04, 2019 - 11:18 AM (IST)

ਕਾਂਗਰਸ ਦੀ ਨਵਜੋਤ ਕੌਰ ਨੂੰ ਹਰਸਿਮਰਤ ਖਿਲਾਫ ਲੜਾਉਣ ਦੀ ਤਿਆਰੀ ਪਰ...

ਚੰਡੀਗੜ੍ਹ(ਭੁੱਲਰ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਬਾਅਦ ਹੁਣ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਬਾਰੇ ਵਿਚਾਰ ਕੀਤੇ ਜਾਣ ਦੇ ਚਰਚੇ ਸ਼ੁਰੂ ਹੋ ਚੁੱਕੇ ਹਨ। ਇਸੇ ਦੌਰਾਨ ਨਵਜੋਤ ਕੌਰ ਨੇ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਟਵੀਟ ਦੇ ਜ਼ਰੀਏ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਦਾ ਇਸ ਨਾਲ ਦਿਲ ਟੁੱਟਿਆ ਹੈ ਪਰ ਪਾਰਟੀ ਹਾਈਕਮਾਨ ਸਿੱਧੂ ਜੋੜੀ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਤੇ ਇਸੇ ਕਾਰਨ ਹੁਣ ਨਵਜੋਤ ਕੌਰ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਏ ਜਾਣ ਦੀ ਗੱਲ ਪਾਰਟੀ ਅੰਦਰ ਸ਼ੁਰੂ ਹੋਈ ਹੈ ਤਾਂ ਜੋ ਉਨ੍ਹਾਂ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਖੜ੍ਹਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਸਮੇਂ ਕਾਂਗਰਸ ਨੂੰ ਬਠਿੰਡਾ ਤੋਂ ਬਾਦਲ ਪਰਿਵਾਰ ਖਿਲਾਫ ਕੋਈ ਮਜ਼ਬੂਤ ਉਮੀਦਵਾਰ ਵੀ ਨਹੀਂ ਮਿਲ ਰਿਹਾ। ਸੂਤਰਾਂ ਅਨੁਸਾਰ ਬੀਤੇ ਦਿਨੀਂ ਕਾਂਗਰਸ ਦੀ ਟਿਕਟਾਂ ਦੀ ਵੰਡ ਸਬੰਧੀ ਸੈਂਟਰਲ ਕਮੇਟੀ ਦੀ ਮੀਟਿੰਗ 'ਚ ਸ਼ਾਮਲ ਹੋਣ ਸਮੇਂ ਹੀ ਮਨਪ੍ਰੀਤ ਨੇ ਆਪਣਾ ਇਹੋ ਵਿਚਾਰ ਦੁਹਰਾਇਆ ਹੈ। ਅਕਾਲੀ ਦਲ ਵਲੋਂ ਬਠਿੰਡਾ ਤੋਂ ਮੁੜ ਹਰਸਿਮਰਤ ਬਾਦਲ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਕਾਂਗਰਸ ਨੂੰ ਵੀ ਮੁਕਾਬਲੇ ਲਈ ਮਜ਼ਬੂਤ ਉਮੀਦਵਾਰ ਦੀ ਜ਼ਰੂਰਤ ਹੈ। ਕਾਂਗਰਸ ਦੀ ਪੰਜਾਬ ਦੀਆਂ ਟਿਕਟਾਂ ਬਾਰੇ ਹੋਣ ਵਾਲੀ ਅਗਲੀ ਮੀਟਿੰਗ ਵਿਚ ਬਠਿੰਡਾ ਹਲਕੇ ਲਈ ਨਵਜੋਤ ਕੌਰ ਸਿੱਧੂ ਦੇ ਨਾਂ 'ਤੇ ਪ੍ਰਮੁੱਖਤਾ ਨਾਲ ਵਿਚਾਰ ਕੀਤੇ ਜਾਣ ਦੇ ਪੂਰੇ ਆਸਾਰ ਹਨ।
ਮੈਂ ਬਠਿੰਡਾ ਨੀਂ ਜਾਣਾ : ਨਵਜੋਤ ਕੌਰ
ਦੂਜੇ ਪਾਸੇ ਨਵਜੋਤ ਕੌਰ ਸਿੱਧੂ ਨੇ ਬਠਿੰਡਾ ਜਾਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਅਸਲ 'ਚ ਬਠਿੰਡਾ ਸੀਟ 'ਤੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਕਾਂਗਰਸ ਕਸੂਤੀ ਸਥਿਤੀ 'ਚ ਫਸ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡੇ ਤੋਂ ਚੋਣ ਲੜਨ ਤੋਂ ਕੀਤੀ ਨਾਂਹ ਤੋਂ ਬਾਅਦ ਹੁਣ ਡਾ. ਸਿੱਧੂ ਨੇ ਵੀ ਬਠਿੰਡੇ ਜਾਣ ਤੋਂ ਕਾਂਗਰਸ ਹਾਈਕਮਾਨ ਨੂੰ ਨਾਂਹ ਕਰ ਦਿੱਤੀ ਹੈ। ਬੁੱਧਵਾਰ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਹੋਰ ਕਿਸੇ ਸੀਟ 'ਤੇ ਚੋਣ ਨਹੀਂ ਲੜਨਗੇ। ਚੰਡੀਗੜ੍ਹ ਸੀਟ ਤੋਂ ਟਿਕਟ ਨਾ ਮਿਲਣ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਆਪਣੇ ਫੈਸਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਸਿੱਧੂ ਸਾਹਿਬ ਦੇ ਪ੍ਰਚਾਰ 'ਤੇ ਕੋਈ ਉਂਗਲ ਚੁੱਕੇ। ਉਨ੍ਹਾਂ ਇੰਨਾ ਵੀ ਕਿਹਾ ਕਿ ਜੇਕਰ ਪਵਨ ਬਾਂਸਲ ਕਹਿਣ ਤਾਂ ਉਹ ਚੋਣ ਪ੍ਰਚਾਰ ਜ਼ਰੂਰ ਕਰੇਗੀ।


author

Babita

Content Editor

Related News