ਕੁਦਰਤ ਦੀ ਕਰੋਪੀ ਨੇ ਦੁੱਖਾਂ ''ਚ ਰੋਲਿਆ ਵਿਰਸਾ ਸਿੰਘ

Thursday, Feb 01, 2018 - 10:58 AM (IST)

ਕੁਦਰਤ ਦੀ ਕਰੋਪੀ ਨੇ ਦੁੱਖਾਂ ''ਚ ਰੋਲਿਆ ਵਿਰਸਾ ਸਿੰਘ

ਸੁਰਸਿੰਘ (ਗੁਰਪ੍ਰੀਤ ਢਿੱਲੋਂ) - ਸਥਾਨਕ ਪੱਤੀ ਮਾਣਾਂ ਕੀ ਦੇ ਰਹਿਣ ਵਾਲੇ ਵਿਰਸਾ ਸਿੰਘ ਦੇ ਸ਼ਾਇਦ ਕੁਦਰਤ ਨੇ ਨਸੀਬਾਂ 'ਚ ਦੁੱਖ ਹੀ ਦੁੱਖ ਲਿਖੇ ਹਨ। ਇਹੀ ਕਾਰਨ ਹੈ ਕਿ ਜ਼ਿੰਦਗੀ ਅਤੇ ਮੌਤ ਵਿਚਲੇ ਸਫਰ ਨੂੰ ਜਿਵੇਂ-ਕਿਵੇਂ ਹੰਢਾ ਰਹੇ ਵਿਰਸੇ ਦਾ ਪੂਰਾ ਜੀਵਨ ਹੀ ਦੂਸਰਿਆਂ ਦੇ ਹੱਥਾਂ ਦਾ ਮੁਥਾਜ ਹੋ ਕੇ ਰਹਿ ਗਿਆ ਹੈ। ਕਰੀਬ ਇਕ ਦਹਾਕਾ ਪਹਿਲਾਂ ਆਪਣੇ ਸਿਰ ਤੋਂ ਪਿਤਾ ਦਾ ਸਾਇਆ ਗੁਆ ਚੁੱਕੇ ਤੇ ਉਸ ਤੋਂ ਬਾਅਦ ਮਾਂ ਦੇ ਪਿਆਰ ਤੋਂ ਵਾਂਝੇ ਹੋਏ ਵਿਰਸੇ ਦੇ ਦੁੱਖਾਂ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਇਕ ਹਾਦਸੇ 'ਚ ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ। ਖੈਰ ਨਜ਼ਰ ਬਿਨਾਂ ਵਿਰਸਾ ਜਿਵੇਂ-ਕਿਵੇਂ ਆਪਣਾ ਜੀਵਨ ਬਤੀਤ ਕਰਨ ਲੱਗਾ ਪਰ ਸ਼ਾਇਦ ਉਸ ਦੇ ਨਸੀਬ 'ਚ ਇਸ ਤੋਂ ਵੱਡਾ ਦੁੱਖ ਵੀ ਲਿਖਿਆ ਸੀ ਕਿ ਇਕ ਹੋਰ ਹਾਦਸੇ 'ਚ ਉਸ ਦਾ ਚੂਲਾ ਟੁੱਟ ਗਿਆ ਅਤੇ ਉਹ ਮੰਜੇ ਨਾਲ ਹੀ ਜੁੜ ਗਿਆ। ਪਰਿਵਾਰ ਦੀਆਂ ਤੰਗੀਆਂ ਤੁਰਸ਼ੀਆਂ ਹੀ ਸਨ ਕਿ ਚਾਰ ਭਰਾਵਾਂ 'ਚੋਂ ਸਿਰਫ ਇਕ ਨੂੰ ਹੀ ਵਿਆਹ ਦਾ ਸੁੱਖ ਮਾਨਣ ਦਾ ਮੌਕਾ ਮਿਲਿਆ ਪਰ ਉਕਤ ਭਰਾ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।
ਵਿਰਸੇ ਦਾ ਇਕ ਭਰਾ ਅਜੀਤ ਸਿੰਘ, ਜੋ ਖੁਦ ਇਕ ਅੱਖ ਤੋਂ ਵਾਂਝਾ ਹੈ। ਇਸ ਸਮੇਂ ਉਸ ਦੇ ਪੇਟ ਦੀ ਭੁੱਖ ਮਿਟਾਉਣ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਸਥਾਨਕ ਗੁਰਦੁਆਰਾ ਬਾਬਾ ਪੁਰਖ ਪਦਾਰਥ ਤੋਂ ਉਹ ਆਪਣੇ ਅਤੇ ਵਿਰਸੇ ਲਈ ਰੋਟੀ ਆਦਿ ਦਾ ਪ੍ਰਬੰਧ ਕਰਕੇ ਲੈ ਆਉਂਦਾ ਹੈ ਦੋ ਕਮਰਿਆਂ ਦੇ ਕੱਚੇ ਜਿਹੇ ਮਕਾਨ 'ਚ ਜ਼ਿੰਦਗੀ ਗੁਜ਼ਾਰ ਰਹੇ ਅਜੀਤ ਸਿੰਘ ਨੇ ਆਪਣੇ ਭਰਾ ਦੀ ਦਰਦ ਕਥਾ ਸੁਣਾਉਂਦਿਆਂ ਕਿਹਾ ਕਿ ਅੱਜ ਹਾਲਾਤ ਇਹ ਹੋ ਚੁੱਕੇ ਹਨ ਕਿ ਵਿਰਸਾ ਸਿੰਘ ਦੇ ਇਲਾਜ ਲਈ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਬੇਸ਼ੱਕ ਗੁਰਦੁਆਰਾ ਕਮੇਟੀ ਦੇ ਸਹਿਯੋਗ ਸਦਕਾ ਉਨ੍ਹਾਂ ਦੇ ਪੇਟ ਦੀ ਭੁੱਖ ਪੂਰੀ ਹੋ ਜਾਂਦੀ ਹੈ ਪਰ ਕਿਸੇ ਪੱਖੋਂ ਕੋਈ ਆਰਥਿਕ ਸਹਾਇਤਾ ਨਾ ਹੋਣ ਕਾਰਨ ਵਿਰਸੇ ਲਈ ਦਵਾਈ ਆਦਿ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੋਈ ਨਾ ਕੋਈ ਸਮਾਜ ਸੇਵੀ ਸੰਸਥਾ ਉਨ੍ਹਾਂ ਦੀ ਬਾਂਹ ਫੜਨ ਲਈ ਅੱਗੇ ਆਵੇਗੀ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਇਨ੍ਹਾਂ ਆਖਰੀ ਪਲਾਂ ਨੂੰ ਥੋੜ੍ਹਾ ਸੁਖਾਲਾ ਨਿਭਾਅ ਸਕਣ।
ਯੂਥ ਫਰੈਂਡਜ਼ ਕਲੱਬ ਸੁਰਸਿੰਘ ਦੇ ਪ੍ਰਧਾਨ ਮੋਹਨ ਸਿੰਘ ਨੇ ਸਮੂਹ ਐੱਨ. ਆਰ. ਆਈ., ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਦਾਨੀ ਪੁਰਖਾਂ ਨੂੰ ਅਪੀਲ ਕੀਤੀ ਕਿ ਅਜਿਹੇ ਪੀੜਤ ਵਿਅਕਤੀਆਂ ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਆਪਣੇ ਤੌਰ 'ਤੇ ਵੀ ਇਨ੍ਹਾਂ ਭਰਾਵਾਂ ਦੀ ਬਣਦੀ ਸਹਾਇਤਾ ਲਈ ਯਤਨ ਕੀਤੇ ਜਾਣਗੇ।


Related News