ਜੂਡੋ ਦੇ ਨੈਸ਼ਨਲ ਖਿਡਾਰੀਆਂ ਲਈ ਡਾਈਟ ਨਹੀਂ, 8 ਕਿੱਲੋ ਘੱਟਿਆ ਭਾਰ
Wednesday, Dec 20, 2017 - 06:38 PM (IST)

ਜਲੰਧਰ— ਇਥੋਂ ਦੇ ਲਾਡੋਵਾਲੀ ਰੋਡ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਜੂਡੋ ਵਿੰਗ ਦੇ ਖਿਡਾਰੀਆਂ ਨੂੰ ਪੂਰੀ ਡਾਈਟ ਨਾ ਮਿਲਣ ਨਾਲ ਨੈਸ਼ਨਲ ਮੈਡਲਿਸਟ ਖਿਡਾਰੀਆਂ ਦਾ 5 ਤੋਂ 8 ਕਿੱਲੋ ਤੱਕ ਭਾਰ ਘੱਟ ਹੋ ਗਿਆ ਹੈ। 9 ਅਕਤੂਬਰ ਤੋਂ ਸਕੂਲ 'ਚ ਸ਼ੁਰੂ ਹੋਏ ਜੂਡੋ ਵਿੰਗ ਦੇ ਖਿਡਾਰੀਆਂ ਨੂੰ ਅਜੇ ਤੱਕ ਸਰਕਾਰ ਤੋਂ ਮਿਲਣ ਵਾਲੀ 125 ਰੁਪਏ ਰੋਜ਼ਾਨਾ ਦੀ ਡਾਈਟ ਇਕ ਦਿਨ ਵੀ ਨਹੀਂ ਮਿਲੀ। ਖਿਡਾਰੀ ਆਪਣੇ ਘਰਾਂ ਤੋਂ ਲੈ ਕੇ ਗੁਜ਼ਾਰਾ ਕਰ ਰਹੇ ਹਨ। ਇਥੋਂ ਤੱਕ ਕਿ ਖਿਡਾਰੀ ਸੈਂਟਰ ਛੱਡਣ ਬਾਰੇ ਸੋਚਣ ਲੱਗੇ ਹਨ। ਵਿੰਗ 'ਚ ਕੁੱਲ 18 ਖਿਡਾਰੀ ਹਨ। ਸਕੂਲਾਂ ਨੂੰ ਵਿੰਗ ਅਲਾਟ ਹੋਣ ਤੋਂ ਬਾਅਦ ਸਕੂਲ ਮੈਸ 'ਚ ਖਾਣਾ ਬਣਾਇਆ ਜਾਂਦਾ ਹੈ ਪਰ ਮੈਸ ਨੂੰ ਤਾਲਾ ਲੱਗੇ ਕਈ ਮਹੀਨੇ ਹੋ ਗਏ ਹਨ।
ਖਿਡਾਰੀਆਂ ਮੁਤਾਬਕ ਕਈ ਵਾਰ ਉਹ ਪ੍ਰਿੰਸੀਪਲ ਵਰਿੰਦਰਜੀਤ ਕੌਰ ਨੂੰ ਦੱਸ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਆਪਣੇ ਘਰਾਂ ਤੋਂ ਪੈਸੇ ਮੰਗਵਾ ਕੇ ਬਾਹਰ ਤੋਂ ਤਿੰਨ ਟਾਈਮ ਦਾ ਖਾਣਾ ਲੈ ਰਹੇ ਹਨ। ਪੇਟ ਭਰ ਖਾਣਾ ਨਾ ਮਿਲਣ ਦੇ ਕਾਰਨ ਭਾਰ ਘੱਟ ਹੋਣ ਲੱਗਾ ਹੈ। ਪ੍ਰੈਕਟਿਸ ਵੀ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ। ਖਿਡਾਰੀਆਂ ਦੀ ਮੰਨੀਏ ਤਾਂ ਸਕੂਲ 'ਚ ਟਾਇਲਟ ਵੀ ਸਹੀ ਨਹੀਂ ਹਨ। ਉਹ ਬਾਹਰ ਬਣੇ ਨਿਗਮ ਦੇ ਟਾਇਲਟ ਨੂੰ ਪੈਸੇ ਦੇ ਕੇ ਉਸ ਦੀ ਵਰਤੋਂ ਕਰ ਰਹੇ ਹਨ। ਪ੍ਰਿੰਸੀਪਲ ਵਰਿੰਦਰਜੀਤ ਕੌਰ ਕਹਿੰਦੀ ਹੈ ਕਿ ਸਕੂਲ 'ਚ ਜੋ ਵੀ ਹੋ ਰਿਹਾ ਹੈ, ਉਸ ਦੇ ਬਾਰੇ ਸਿੱਖਿਆ ਵਿਭਾਗ ਨੂੰ ਦੱਸਿਆ ਜਾ ਚੁੱਕਿਆ ਹੈ। ਜਦੋਂ ਵਿੰਗ ਅਲਾਟ ਹੋਇਆ ਸੀ ਉਦੋਂ ਹੀ ਮੈਂ ਵਿਭਾਗ ਨੂੰ ਦੱਸਿਆ ਸੀ ਕਿ ਸਕੂਲ 'ਚ ਵਿੰਗ ਚਲਾਉਣ ਲਈ ਜਗ੍ਹਾ ਨਹੀਂ ਹੈ ਪਰ ਫਿਰ ਵੀ ਵਿੰਗ ਸ਼ੁਰੂ ਕੀਤਾ ਗਿਆ। ਸਕੂਲ 'ਚ ਜੋ ਵੀ ਸੱਸਿਆਵਾਂ ਹਨ, ਉਨ੍ਹਾਂ ਬਾਰੇ ਸਿੱਖਿਆ ਵਿਭਾਗ ਨੂੰ ਲਿਖਤੀ ਦੱਸਿਆ ਜਾ ਚੁੱਕਾ ਹੈ।
ਸਪੋਰਟਸ ਦੇ ਅਸਿਸਟੈਂਟ ਐਜੂਕੇਸ਼ਨ ਅਫਸਰ (ਏ.ਈ.ਓ) ਹਰਿਵੰਦਰਪਾਲ ਨੇ ਕਿਹਾ ਕਿ ਸਕੂਲ ਨੂੰ ਚੰਡੀਗੜ੍ਹ ਤੋਂ ਆਈਆਂ ਹਦਾਇਤਾਂ ਲਾਗੂ ਕਰਨ ਨੂੰ ਕਿਹਾ ਹੈ। ਮੈਸ ਸਕੂਲ ਵਾਲਿਆਂ ਨੇ ਕਮੇਟੀ ਬਣਾ ਕੇ ਚਲਾਉਣੀ ਹੁੰਦੀ ਹੈ। ਉਥੇ ਹੀ ਨੀਲਮ ਕੁਮਾਰੀ ਡੀ. ਈ. ਓ. ਨੇ ਕਿਹਾ ਕਿ ਸਕੂਲ ਨੂੰ ਮੈਸ ਚਲਾਉਣ ਨੂੰ ਕਿਹਾ ਸੀ। ਜਵਾਬ 'ਚ ਉਨ੍ਹਾਂ ਨੇ ਕੋਆਪਰੇਟਿਵ ਮੈਸ ਚਲਾਉਣ ਦੇ ਬਾਰੇ 'ਚ ਲਿਖਿਆ ਹੈ। ਬਾਥਰੂਮ ਦੇ ਬਾਰੇ ਪ੍ਰਿੰਸੀਪਲ ਨਾਲ ਗੱਲ ਕਰਨਗੇ।