ਨੈਸ਼ਨਲ ਮੈਡਲ ਜੇਤੂ ਖਿਡਾਰੀ ਦੀ ਨਸ਼ੇ ਨਾਲ ਮੌਤ
Thursday, May 14, 2026 - 11:14 AM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਸ਼ਹਿਰ ਦੇ ਵਾਰਡ ਨੰਬਰ-27 ਨਾਲ ਸਬੰਧਿਤ ਨੈਸ਼ਨਲ ਮੈਡਲ ਜੇਤੂ ਨੌਜਵਾਨ ਬਾਕਸਿੰਗ ਖਿਡਾਰੀ ਨਵਦੀਪ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਐਲਾਨ ਕੀਤਾ ਹੈ ਕਿ ਉਹ ਇਸ ਕੇਸ ਨੂੰ ਐੱਸ. ਸੀ. ਕਮਿਸ਼ਨ ਕੋਲ ਚੁੱਕਣਗੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਪੈਰਵਾਈ ਕਰਨਗੇ। ਨਕੱਈ ਨੇ ਮ੍ਰਿਤਕ ਖਿਡਾਰੀ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਨਵਦੀਪ ਬਚਪਨ ਤੋਂ ਹੀ ਖੇਡਾਂ ਨਾਲ ਜੁੜਿਆ ਹੋਇਆ ਸੀ।
ਉਹ ਬਾਕਸਿੰਗ ਤੋਂ ਇਲਾਵਾ ਗੱਤਕਾ ਅਤੇ ਹੋਰ ਕਈ ਖੇਡਾਂ ’ਚ ਵੀ ਸਰਗਰਮ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਪੁੱਤਰ ਖੇਡਾਂ ’ਚ ਹੋਰ ਉੱਚਾਈਆਂ ਹਾਸਲ ਕਰੇਗਾ ਪਰ ਨਸ਼ੇ ਨੇ ਉਨ੍ਹਾਂ ਦੇ ਸਾਰੇ ਸੁਫ਼ਨੇ ਤਬਾਹ ਕਰ ਦਿੱਤੇ। ਜਸਪਾਲ ਸਿੰਘ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਪੁੱਤਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਸਥਾਨਕ ਆਗੂ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਨਸ਼ਾ ਦੇਣ ਵਾਲੇ ਲੋਕਾਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਮਿਲੇ। ਇਸ ਮੌਕੇ ਓਂਕਾਰ ਸੋਢੀ, ਵਿਕਾਸ ਕੁਮਾਰ, ਰਵੀ ਕੁਮਾਰ, ਵਿਕੂ ਕੁਮਾਰ, ਜੀਵਨ ਕੁਮਾਰ, ਬਿੱਕਰ ਸਿੰਘ ਮੰਘਾਣੀਆਂ, ਮਨਦੀਪ ਸਿੰਘ ਮਾਨ ਸਮੇਤ ਹੋਰ ਕਈ ਵਿਅਕਤੀ ਵੀ ਮੌਜੂਦ ਸਨ।
