''ਨੈਸ਼ਨਲ ਲੋਕ ਅਦਾਲਤ ''ਚ ਜੱਜਾਂ ਦੇ 17 ਬੈਚ 3413 ਅਦਾਲਤੀ ਕੇਸਾਂ ਦੀ ਸੁਣਵਾਈ ਕਰਨਗੇ''
Friday, Dec 08, 2017 - 04:48 PM (IST)
ਫ਼ਿਰੋਜ਼ਪੁਰ (ਕੁਮਾਰ) - ਲੋਕਾਂ ਨੂੰ ਅਦਾਲਤੀ ਕੇਸਾਂ 'ਚ ਇਨਸਾਫ ਦੇਣ 'ਚ ਲੋਕ ਅਦਾਲਤਾਂ ਬਹੁਤ ਲਾਭਕਾਰੀ ਸਾਬਤ ਹੋ ਰਹੀਆਂ ਹਨ। ਲੋਕਾਂ ਦੇ ਅਦਾਲਤੀ ਕੇਸਾਂ ਦਾ ਲੋਕ ਅਦਾਲਤਾਂ 'ਚ ਨਿਪਟਾਰਾ ਹੋਣ ਨਾਲ ਆਪਸੀ ਦੁਸ਼ਮਣੀਆਂ ਪਿਆਰ 'ਚ ਬਦਲ ਜਾਂਦੀਆਂ ਹਨ।
ਲੋਕਾਂ ਦਾ ਪੈਸਾ ਤੇ ਸਮਾਂ ਬਚ ਜਾਂਦਾ ਹੈ ਕਿਉਂਕਿ ਲੋਕ ਅਦਾਲਤਾਂ 'ਚ ਨਿਪਟਾਏ ਗਏ ਕੇਸਾਂ ਖਿਲਾਫ ਕਿਸੇ ਵੀ ਅਦਾਲਤ 'ਚ ਅਪੀਲ ਨਹੀਂ ਕੀਤੀ ਜਾ ਸਕਦੀ। ਜਾਣਕਾਰੀ ਦਿੰਦਿਆਂ ਜ਼ਿਲਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਐੱਸ. ਕੇ. ਅਗਰਵਾਲ ਨੇ ਆਯੋਜਿਤ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ 9 ਦਸੰਬਰ ਨੂੰ ਜ਼ਿਲਾ ਫਿਰੋਜ਼ਪੁਰ 'ਚ ਨੈਸ਼ਨਲ ਲੋਕ ਅਦਾਲਤ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਜ਼ਿਲਾ ਹੈੱਡ ਕੁਆਰਟਰ ਫਿਰੋਜ਼ਪੁਰ 'ਚ ਜੱਜਾਂ ਦੇ ਗਠਿਤ 13 ਬੈਚ, ਜ਼ੀਰਾ 'ਚ 3 ਤੇ ਗੁਰੂਹਰਸਹਾਏ 'ਚ ਇਕ ਬੈਚ ਵੱਲੋਂ ਲੋਕਾਂ ਦੇ ਅਦਾਲਤੀ ਕੇਸ ਸੁਣੇ ਜਾਣਗੇ। ਸ਼੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ 'ਚ 3413 ਅਦਾਲਤੀ ਕੇਸ ਸੁਣਵਾਈ ਲਈ ਰੱਖੇ ਗਏ ਹਨ ਜਿਨ੍ਹਾਂ 'ਚ ਕੰਪਾਊਂਡੇਬਲ, 138 ਨੈਗੋਸ਼ੀਏਬਲ ਇੰਸਟਰੂਮੈਂਟ, ਐਕਸੀਡੈਂਟ ਕਲੇਮ, ਰਿਕਵਰੀ, ਕਿਰਾਏ ਆਦਿ ਨਾਲ ਸਬੰਧਤ ਅਤੇ ਸਿਵਲ ਕੇਸਾਂ ਦੀ ਸੁਣਵਾਈ ਹੋਵੇਗੀ।ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੈਕਟਰੀ ਬਲਜਿੰਦਰ ਸਿੰਘ (ਚੀਫ ਜੁਡੀਸ਼ੀਅਲ ਮੈਜਿਸਟ੍ਰੇਟ) ਫਿਰੋਜ਼ਪੁਰ ਨੇ ਕਿਹਾ ਕਿ ਲੋਕ ਆਪਣੇ ਅਦਾਲਤੀ ਕੇਸਾਂ ਦਾ ਲੋਕ ਅਦਾਲਤਾਂ 'ਚ ਫੈਸਲਾ ਕਰਵਾਉਣ ਲਈ ਸਬੰਧਤ ਅਦਾਲਤਾਂ 'ਚ ਦਰਖਾਸਤ ਦੇਣ।
