ਮੋਹਾਲੀ ''ਚ 11 ਦਸੰਬਰ ਨੂੰ ਲੱਗੇਗੀ ''ਕੌਮੀ ਲੋਕ ਅਦਾਲਤ''

Friday, Dec 10, 2021 - 01:44 PM (IST)

ਮੋਹਾਲੀ (ਪਰਦੀਪ) : 11 ਦਸੰਬਰ ਨੂੰ ਲਾਈ ਜਾ ਰਹੀ ਕੌਮੀ ਲੋਕ ਅਦਾਲਤ ਰਾਹੀਂ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਆਰ. ਐੱਸ. ਰਾਏ ਵੱਲੋਂ ਸੈਸ਼ਨਜ਼ ਡਵੀਜ਼ਨ ਮੋਹਾਲੀ ਦੇ ਸਮੂਹ ਜੁਡੀਸ਼ੀਅਲ ਅਧਿਕਾਰੀਆਂ ਅਤੇ ਪੁਲਸ ਵਿਭਾਗ ਵੱਲੋਂ ਲਾਏ ਗਏ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਅਦਾਲਤਾਂ ਵਿਚ ਪੈਂਡਿੰਗ ਛੋਟੇ ਮੁਕੱਦਮੇ, ਜਿਨ੍ਹਾਂ ਨੂੰ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਸਮਝੌਤੇ ਰਾਹੀਂ ਖ਼ਤਮ ਕੀਤਾ ਜਾ ਸਕਦਾ ਹੈ, ਨੂੰ ਕੌਮੀ ਲੋਕ ਅਦਾਲਤ ਰਾਹੀਂ ਖ਼ਤਮ ਕੀਤਾ ਜਾਵੇ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਬਿਜਲੀ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਟੈਲੀਫੋਨ, ਇੰਸ਼ੋਰੈਂਸ ਅਤੇ ਬੈਂਕਾਂ ਆਦਿ ਦੇ ਕੇਸ, ਜਿਹੜੇ ਕਿ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਹਨ, ਨੂੰ ਵੀ ਕੌਮੀ ਲੋਕ ਅਦਾਲਤ ਰਾਹੀਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਹੱਲ ਕਰਵਾਉਣ ਲਈ ਯਤਨ ਕੀਤੇ ਜਾਣ, ਤਾਂ ਜੋ ਸਬੰਧਿਤ ਵਿਭਾਗਾਂ ਵਿਚ ਚੱਲ ਰਹੀ ਲਿਟੀਗੇਸ਼ਨ ਨੂੰ ਘੱਟ ਕੀਤਾ ਜਾ ਸਕੇ।

ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੇ ਕੇਸਾਂ ਨੂੰ ਆਪਸੀ ਸਮਝੌਤੇ ਰਾਹੀਂ ਨਿਪਟਾਉਣ ਲਈ 11 ਦਸੰਬਰ ਨੂੰ ਜ਼ਿਲ੍ਹਾ ਕੋਰਟ ਕੰਪਲੈਕਸ ਮੋਹਾਲੀ, ਖਰੜ ਅਤੇ ਡੇਰਾਬੱਸੀ ਵਿਖੇ ਕੌਮੀ ਲੋਕ ਅਦਾਲਤ ਲਾਈ ਜਾ ਰਹੀ ਹੈ, ਜਿਸ ਵਿਚ ਲੈਂਡ ਐਕੁਈਜ਼ੀਸ਼ਨ, ਪਰਿਵਾਰਿਕ ਮਸਲੇ, ਟ੍ਰੈਫਿਕ ਚਲਾਨ, ਬਿਜਲੀ ਐਕਟ ਤਹਿਤ ਦਰਜ ਐੱਫ. ਆਈ. ਆਰਜ਼, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ-138 ਤਹਿਤ ਦਾਇਰ ਸ਼ਿਕਾਇਤਾਂ, ਰਿਕਵਰੀ ਸੂਟ ਅਤੇ ਸੇਵਾ ਮਾਮਲਿਆਂ ਨਾਲ ਸਬੰਧਿਤ ਕੇਸ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਸ਼ਨ ਵਾਲੇ ਕੇਸ ਵੀ ਇਸ ਲੋਕ ਅਦਾਲਤ ਵਿਚ ਵਿਚਾਰੇ ਜਾਣਗੇ।
 


Babita

Content Editor

Related News