ਭਾਰਤ ਸਰਕਾਰ ਵਲੋਂ ਟਰੂਡੋ ਨੂੰ ਬਣਦਾ ਮਾਣ- ਸਤਿਕਾਰ ਨਾ ਦੇਣਾ ਮੰਦਭਾਗਾ

Friday, Mar 02, 2018 - 06:46 AM (IST)

ਭਾਰਤ ਸਰਕਾਰ ਵਲੋਂ ਟਰੂਡੋ ਨੂੰ ਬਣਦਾ ਮਾਣ- ਸਤਿਕਾਰ ਨਾ ਦੇਣਾ ਮੰਦਭਾਗਾ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) - ਕੌਮੀ ਜੋੜ ਮੇਲਾ ਹੋਲੇ ਮਹੱਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਸਰੋਵਰ ਦੇ ਨਾਲ ਵਾਲੇ ਗਰਾਊਂਡ ਵਿਚ ਇਕ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਗਈ, ਜਿਸ ਵਿਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਛੇਤੀ ਤੋ ਛੇਤੀ ਗ੍ਰਿਫਤਾਰ ਕਰੇ ਅਤੇ ਨਾਲ ਹੀ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਲਈ ਉਪਰਾਲੇ ਕਰੇ।  
ਯੂਥ ਵਿੰਗ ਪੰਜਾਬ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਫੇਰੀ ਦੌਰਾਨ ਭਾਰਤ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਬਣਦਾ ਮਾਣ ਨਾ ਦੇ ਕੇ ਸਿੱਖ ਕੌਮ ਨੂੰ ਕੈਨੇਡਾ ਸਰਕਾਰ ਤੋਂ ਦੂਰ ਕਰਨ ਦੀ ਅਸਫਲ ਕੋਸ਼ਿਸ਼ ਕੀਤੀ, ਜੋ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਕੌਮ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਐਲਾਨ ਕਰ ਕੇ ਸਿੱਖ ਕੌਮ ਤੋਂ ਮੁੜ ਫਤਵਾ ਲਿਆ ਜਾਵੇ। ਇਸ ਮੌਕੇ  ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੀ ਪੁੱਜੇ ਸਨ ਪਰ ਉਹ ਕੁੱਝ ਸ਼ਬਦ ਹੀ ਬੋਲ ਕੇ ਚਲੇ ਗਏ, ਜੋ ਉਨ੍ਹਾਂ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਬੋਲੇ। ਇਸ ਮੌਕੇ ਕੁਲਦੀਪ ਸਿੰਘ ਭਾਗੋਵਾਲ, ਹਰਭਜਨ ਸਿੰਘ ਕਸ਼ਮੀਰੀ, ਅਮਰੀਕ ਸਿੰਘ ਬੱਲੋਵਾਲ,ਫੌਜਾ ਸਿੰਘ ਧਨੌਰੀ, ਹਰਪ੍ਰੀਤ ਸਿੰਘ ਮੜੌਲੀ, ਸ਼ਿੰਗਾਰਾ ਸਿੰਘ ਬੱਢਲਾ, ਅਵਤਾਰ ਸਿੰਘ ਖੱਖ, ਹਰਮੇਸ਼ ਸਿੰਘ ਬੜੌਦੀ, ਰਾਜਵਿੰਦਰ ਸਿੰਘ ਲੋਦੀਪੁਰ, ਹਰਬੰਸ ਸਿੰਘ ਪੱਲੀ, ਅਮਰੀਕ  ਸਿੰਘ ਨੰਗਲ, ਤੇਜ ਕੌਰ, ਹਰਭਜਨ ਸਿੰਘ, ਸਵਰਨ ਸਿੰਘ ਫਾਟਕ ਮਾਜਰੀ, ਬਲਵਿੰਦਰ ਸਿੰਘ, ਹਰਜੀਤ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।


Related News