''ਨਾਈਪਰ'' ਦੀ ਨੈਨੋ ਹਲਦੀ ਨੂੰ ਮਿਲਿਆ ਯੂ. ਐੱਸ. ਦਾ ਪੇਟੈਂਟ

Saturday, Nov 04, 2017 - 08:03 AM (IST)

''ਨਾਈਪਰ'' ਦੀ ਨੈਨੋ ਹਲਦੀ ਨੂੰ ਮਿਲਿਆ ਯੂ. ਐੱਸ. ਦਾ ਪੇਟੈਂਟ

ਚੰਡੀਗੜ੍ਹ  (ਅਰਚਨਾ) - ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ 'ਨਾਈਪਰ' ਦੀ ਨੈਨੋ ਹਲਦੀ ਨੂੰ ਅਮਰੀਕਾ (ਯੂ. ਐੱਸ.) ਦਾ ਪੇਟੈਂਟ ਮਿਲ ਗਿਆ ਹੈ। ਇਹ ਹਲਦੀ ਦਵਾਈ ਦੇ ਰੂਪ ਵਿਚ ਹੈ। ਖਾਸੀਅਤ ਇਹ ਹੈ ਕਿ ਨੈਨੋ ਹਲਦੀ ਵਿਚ ਕਰਕਿਊਮਿਨ ਦੀ ਮਾਤਰਾ 80 ਫੀਸਦੀ ਤੋਂ ਵੱਧ ਹੈ। ਮਰੀਜ਼ ਦੇ ਸਰੀਰ ਨੂੰ ਦਵਾਈ ਦੀ 90 ਫੀਸਦੀ ਮਾਤਰਾ ਮਿਲ ਸਕੇਗੀ। ਪੇਟ ਵਿਚ ਪਹੁੰਚਦਿਆਂ ਹੀ ਦਵਾਈ ਇਕਦਮ ਘੁਲ ਜਾਵੇਗੀ ਕਿਉਂਕਿ ਦਵਾਈ ਦਾ ਸਾਈਜ਼ ਵਾਲ ਤੋਂ ਵੀ 50 ਗੁਣਾ ਛੋਟਾ ਹੈ। ਨੈਨੋ ਟੈਕਨਾਲੋਜੀ ਦੇ ਆਧਾਰ 'ਤੇ ਦਵਾਈ ਨੂੰ ਤਿਆਰ ਕੀਤਾ ਗਿਆ ਹੈ। ਨੈਨੋ ਹਲਦੀ ਤੋਂ ਇਲਾਵਾ 'ਨਾਈਪਰ' ਵਲੋਂ ਨੈਨੋ ਟੈਕਨਾਲੋਜੀ 'ਤੇ ਸਿੰਥੈਟਿਕ ਮਾਲੀਕਿਊਲਜ਼ ਦੀ ਮਦਦ ਨਾਲ ਤਿਆਰ ਕੀਤੀ ਗਈ ਦੂਸਰੀ ਦਵਾਈ ਸੈਲੇਕਾਕਸਿਬ ਨੂੰ ਵੀ ਪੇਟੈਂਟ ਮਿਲਿਆ ਹੈ।
'ਨਾਈਪਰ' ਨੇ ਦੋਵੇਂ ਦਵਾਈਆਂ ਤਿਆਰ ਕਰਨ ਦਾ ਫਾਰਮੂਲਾ ਦੇਹਰਾਦੂਨ ਦੀ ਇਕ ਦਵਾਈ ਕੰਪਨੀ ਨੂੰ ਦੇ ਦਿੱਤਾ ਹੈ। ਦਵਾਈ ਕੰਪਨੀ ਜਲਦੀ ਹੀ ਦੋਵੇਂ ਦਵਾਈਆਂ ਨੂੰ ਗੋਲੀਆਂ ਦੇ ਰੂਪ ਵਿਚ ਤਿਆਰ ਕਰਕੇ ਮਾਰਕੀਟ ਵਿਚ ਉਤਾਰੇਗੀ। ਦੇਸ਼ ਵਿਚ ਤਿਆਰ ਕੀਤੇ ਗਏ ਫਾਰਮੂਲੇ ਦੇ ਆਧਾਰ 'ਤੇ ਦੇਸੀ ਦਵਾਈ ਕੰਪਨੀ ਵਲੋਂ ਹੀ ਦਵਾਈ ਬਣਾਉਣ ਕਾਰਨ ਮਰੀਜ਼ਾਂ ਨੂੰ ਬਹੁਤ ਸਸਤੀ ਕੀਮਤ 'ਤੇ ਦਵਾਈ ਮਿਲ ਸਕੇਗੀ। 'ਨਾਈਪਰ' ਦੇ ਵਿਗਿਆਨੀਆਂ ਦੀ ਮੰਨੀਏ ਤਾਂ ਇਹ ਦਵਾਈ ਕੈਂਸਰ ਵਰਗੇ ਖਤਰਨਾਕ ਸੈੱਲਾਂ ਦਾ ਆਸਾਨੀ ਨਾਲ ਸਫਾਇਆ ਕਰ ਦੇਵੇਗੀ। ਸਿਰਫ ਇੰਨਾ ਹੀ ਨਹੀਂ, ਦਵਾਈ ਦੇ ਦੋਵੇਂ ਫਾਰਮੂਲਿਆਂ ਨਾਲ ਦਰਦ, ਐਸੀਡਿਟੀ, ਜੋੜਾਂ ਦਾ ਦਰਦ, ਗਠੀਆ ਵੀ ਛੂ ਮੰਤਰ ਹੋ ਜਾਵੇਗਾ।
ਸਰੀਰ 'ਚ ਪਹੁੰਚਦਿਆਂ ਹੀ ਘੁਲ ਜਾਵੇਗੀ ਦਵਾਈ
'ਨਾਈਪਰ' ਦੇ ਨਿਰਦੇਸ਼ਕ ਪ੍ਰੋ. ਰਘੂਰਾਮ ਰਾਓ ਅਕਿਕਨੇ ਪੱਲੀ ਨੇ ਦੱਸਿਆ ਕਿ ਅਜਿਹੀਆਂ ਬਹੁਤ ਸਾਰੀਆਂ ਦਵਾਈਆਂ ਹਨ, ਜੋ ਸਰੀਰ ਵਿਚ ਪਹੁੰਚ ਕੇ ਪੂਰੀ ਤਰ੍ਹਾਂ ਨਹੀਂ ਘੁਲਦੀਆਂ। ਗੋਲੀ ਪੇਟ ਵਿਚ ਪਹੁੰਚਦਿਆਂ ਹੀ ਟੁੱਟ ਜਾਂਦੀ ਹੈ ਤੇ ਕਈ ਘੰਟੇ ਨਾ ਘੁਲਣ ਕਾਰਨ ਸਰੀਰ ਦੀ ਬੀਮਾਰੀ ਤਕ ਨਹੀਂ ਪਹੁੰਚਦੀ, ਅਜਿਹੇ ਵਿਚ ਦਵਾਈ ਫਾਇਦਾ ਪਹੁੰਚਾਉਣ ਦੀ ਬਜਾਏ ਨੁਕਸਾਨ ਕਰਦੀ ਹੈ। ਅਜਿਹੇ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਅਜਿਹੀ ਦਵਾਈ ਨੂੰ ਤਿਆਰ ਕੀਤਾ ਜਾਣਾ ਜ਼ਰੂਰੀ ਸੀ, ਜੋ ਮਰੀਜ਼ ਦੇ ਸਰੀਰ ਵਿਚ ਜਾਂਦਿਆਂ ਹੀ ਘੁਲ ਜਾਵੇ। ਇਸ ਲਈ ਦਵਾਈ ਦੇ ਸਾਈਜ਼ ਨੂੰ ਘੱਟ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਸੂਖਮ ਸਾਈਜ਼ ਦੇ ਕਣਾਂ ਵਿਚ ਦਵਾਈ ਦਾ ਫਾਰਮੂਲਾ ਬਣਾਉਣ ਦੀ ਸ਼ੁਰੂਆਤ ਕੀਤੀ ਗਈ।
ਪ੍ਰੋ. ਰਾਓ ਨੇ ਦੱਸਿਆ ਕਿ 2012 ਵਿਚ ਦਵਾਈ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। 'ਨਾਈਪਰ' ਦੇ ਖੋਜਕਰਤਾ ਅਜੇ ਕੁਮਾਰ ਨੇ ਸ਼ੁਰੂਆਤੀ ਦਿਨਾਂ ਵਿਚ ਨੈਨੋ ਤਕਨੀਕ 'ਤੇ ਕੰਮ ਕੀਤਾ ਸੀ ਤੇ ਇਸ ਤੋਂ ਬਾਅਦ ਹੋਰ ਖੋਜਕਰਤਾਵਾਂ ਨੇ 'ਨਾਈਪਰ' ਦੇ ਵਿਗਿਆਨੀਆਂ ਨਾਲ ਮਿਲ ਕੇ ਦਵਾਈ ਦਾ ਫਾਰਮੂਲਾ ਬਣਾਉਣ ਦਾ ਕੰਮ ਕੀਤਾ। ਨੈਨੋ ਤਕਨੀਕ ਦੇ ਆਧਾਰ 'ਤੇ ਹੀ ਦਵਾਈ ਹਰਬਲ ਤੇ ਦੂਸਰੀ ਸਿੰਥੈਟਿਕ ਤਿਆਰ ਕੀਤੀ ਗਈ। ਇਹ ਦਵਾਈ ਇਕ ਮਾਈਕ੍ਰੋਨ ਤੋਂ ਵੀ ਛੋਟੇ ਸਾਈਜ਼ ਦੀ ਹੋਵੇਗੀ। 'ਨਾਈਪਰ' ਦੇ ਵਿਗਿਆਨੀ ਪ੍ਰੋ. ਅਰਵਿੰਦ ਕੇ. ਬਾਂਸਲ ਨੇ ਦੱਸਿਆ ਕਿ 'ਨਾਈਪਰ' ਨੇ ਪਹਿਲੀ ਵਾਰ ਦਵਾਈ ਬਣਾਉਣ ਲਈ ਨੈਨੋਕ੍ਰਿਯੋਸਪ ਤਕਨੀਕ ਦੀ ਵਰਤੋਂ ਕੀਤੀ ਹੈ। ਬੇਸ਼ੱਕ ਪਹਿਲਾਂ ਵਿਦੇਸ਼ਾਂ ਵਿਚ ਇਸ ਤਕਨੀਕ ਦੇ ਆਧਾਰ 'ਤੇ ਦਵਾਈਆਂ ਬਣਾਈਆਂ ਜਾ ਚੁੱਕੀਆਂ ਹਨ ਪਰ ਭਾਰਤ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ। ਪਹਿਲਾਂ ਇਸ ਤਕਨੀਕ ਦਾ ਭਾਰਤ ਵਿਚ ਪੇਟੈਂਟ ਕਰਵਾਇਆ ਗਿਆ, ਹੁਣ ਅਮਰੀਕਾ ਨੇ ਪੇਟੈਂਟ ਦੇ ਦਿੱਤਾ ਹੈ ਤੇ ਜਲਦੀ ਹੀ ਇਸ ਫਾਰਮੂਲੇ ਨੂੰ ਯੂਰਪੀਅਨ ਪੇਟੈਂਟ ਵੀ ਮਿਲ ਜਾਵੇਗਾ। ਨੈਨੋ ਹਲਦੀ ਨਾਲ ਬਣਾਈਆਂ ਗਈਆਂ ਗੋਲੀਆਂ ਲਈ ਹਿਊਮਨ ਰਿਸਰਚ ਦੀ ਲੋੜ ਨਹੀਂ ਹੈ ਪਰ ਸੈਲੇਕਾਕਸਿਬ ਨੂੰ ਮਾਰਕੀਟ ਵਿਚ ਉਤਾਰਨ ਤੋਂ ਪਹਿਲਾਂ ਹਿਊਮਨ ਰਿਸਰਚ ਟ੍ਰਾਇਲ ਕੀਤੇ ਜਾਣਗੇ।
60 ਫੀਸਦੀ ਦਵਾਈਆਂ ਸਰੀਰ ਵਿਚ ਪਹੁੰਚ ਕੇ ਵੀ ਨਹੀਂ ਘੁਲਦੀਆਂ
ਪ੍ਰੋ. ਬਾਂਸਲ ਨੇ ਕਿਹਾ ਕਿ 60 ਫੀਸਦੀ ਦਵਾਈਆਂ ਵਿਚ ਨਾ ਘੁਲਣ ਦੀ ਸਮੱਸਿਆ ਹੁੰਦੀ ਹੈ। ਆਮ ਤੌਰ 'ਤੇ ਜੋ ਦਵਾਈਆਂ ਹੁੰਦੀਆਂ ਹਨ, ਉਨ੍ਹਾਂ ਦਾ ਸਾਈਜ਼ 25 ਮਾਈਕ੍ਰੋਗ੍ਰਾਮ ਦਾ ਹੁੰਦਾ ਹੈ। ਦਵਾਈ ਦਾ ਇਹ ਸਾਈਜ਼ ਸਰੀਰ ਲਈ ਪਚਾਉਣਾ ਆਸਾਨ ਨਹੀਂ ਹੁੰਦਾ। ਕੈਂਸਰ ਇਕ ਅਜਿਹਾ ਰੋਗ ਹੈ, ਜਿਸ ਵਿਚ ਦਵਾਈ ਦਾ ਸਾਈਜ਼ ਵੱਡਾ ਹੋਣ ਕਾਰਨ ਇਕ ਤਾਂ ਦਵਾਈ ਘੁਲਦੀ ਨਹੀਂ ਤੇ ਦੂਜਾ ਕੈਂਸਰ ਸੈੱਲਾਂ ਤਕ ਦਵਾਈ ਦਾ ਕੁਝ ਹੀ ਹਿੱਸਾ ਪਹੁੰਚਦਾ ਹੈ। ਨੈਨੋ ਹਲਦੀ ਅਜਿਹੀ ਦਵਾਈ ਹੈ, ਜੋ ਕਿ ਕੈਂਸਰ ਸੈੱਲਾਂ 'ਤੇ ਸਿੱਧਾ ਹਮਲਾ ਕਰੇਗੀ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਦਵਾਈ ਪੇਸ਼ੈਂਟ ਫ੍ਰੈਂਡਲੀ ਹੋਵੇਗੀ। ਸਵਦੇਸ਼ੀ ਖੋਜ ਤੇ ਸਵਦੇਸ਼ੀ ਕੰਪਨੀ ਦੀ ਦਵਾਈ ਜਦ ਤਿਆਰ ਹੋਵੇਗੀ ਤਾਂ ਇਹ ਦੇਸ਼ ਵਿਚ ਬਹੁਤ ਘੱਟ ਕੀਮਤ 'ਤੇ ਮਿਲੇਗੀ। ਦਵਾਈ ਦੇ ਫਾਰਮੂਲੇ ਦੀ ਤਕਨੀਕ ਨੂੰ 2033 ਤਕ ਸੁਰੱਖਿਅਤ ਕਰ ਲਿਆ ਗਿਆ ਹੈ। ਨੈਨੋ ਹਲਦੀ ਦੀਆਂ ਗੋਲੀਆਂ ਸਤੰਬਰ 2018 ਤਕ ਬਾਜ਼ਾਰ ਵਿਚ ਆ ਜਾਣਗੀਆਂ ਪਰ ਸੈਲੇਕਾਕਸਿਬ ਦੀਆਂ ਗੋਲੀਆਂ ਬਾਜ਼ਾਰ ਵਿਚ ਉਤਾਰਨ ਤੋਂ ਪਹਿਲਾਂ ਐਨੀਮਲ ਤੇ ਹਿਊਮਨ ਰਿਸਰਚ ਟ੍ਰਾਇਲ ਕੀਤੇ ਜਾਣਗੇ।


Related News