ਨੈਸ਼ਨਲ ਹਾਈਵੇ ਦੇ ਨਿਰਮਾਣ ਲਈ ਆਏ ਫੰਡ ''ਚ ਕਰੋੜਾਂ ਦਾ ਘਪਲਾ ਆਇਆ ਸਾਹਮਣੇ

Saturday, Sep 07, 2019 - 04:58 PM (IST)

ਨੈਸ਼ਨਲ ਹਾਈਵੇ ਦੇ ਨਿਰਮਾਣ ਲਈ ਆਏ ਫੰਡ ''ਚ ਕਰੋੜਾਂ ਦਾ ਘਪਲਾ ਆਇਆ ਸਾਹਮਣੇ

ਤਰਨਤਾਰਨ/ਪੱਟੀ (ਰਾਜੂ, ਪਾਠਕ) : ਨੈਸ਼ਨਲ ਹਾਈਵੇ ਨੰ. 54 ਦੇ ਨਿਰਮਾਣ ਮੌਕੇ ਆਏ ਫੰਡ 'ਚ ਸਬ-ਡਵੀਜ਼ਨ ਪੱਟੀ ਦੀ ਐੱਸ. ਡੀ. ਐੱਮ. ਵਲੋਂ ਕਥਿਤ ਤੌਰ 'ਤੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਜੂਦਾ ਐੱਸ. ਡੀ. ਐੱਮ. ਵਲੋਂ ਜਾਂਚ ਉਪਰੰਤ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਪੱਟੀ ਪੁਲਸ ਨੇ ਐੱਸ. ਡੀ. ਐੱਮ. ਸਮੇਤ 6 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਕੀਤੀ ਗਈ ਜਾਂਚ 'ਚ ਪਤਾ ਲੱਗਿਆ ਹੈ ਕਿ ਨੈਸ਼ਨਲ ਹਾਈਵੇ 54 ਦੇ ਨਿਰਮਾਣ ਮੌਕੇ ਲੋਕਾਂ ਦੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਸਬੰਧੀ ਪ੍ਰਸ਼ਾਸਨ ਨੂੰ ਫੰਡ ਪ੍ਰਾਪਤ ਹੋਇਆ ਸੀ, ਜਿਸ 'ਚੋਂ ਉਸ ਸਮੇਂ ਪੱਟੀ ਦੇ ਐੱਸ. ਡੀ. ਐੱਮ. ਵਜੋਂ ਤਾਇਨਾਤ ਅਨੁਪ੍ਰੀਤ ਕੌਰ ਵਲੋਂ ਮਾਲ ਰਿਕਾਰਡ ਤਸਦੀਕ ਕੀਤੇ ਬਗੈਰ ਹੀ ਜਸਬੀਰ ਕੌਰ ਪਤਨੀ ਮਿੱਤਰ ਸਿੰਘ ਵਾਸੀ ਮਾਨਾਂਵਾਲਾ, ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਫਤਿਹਪੁਰ ਅਲਗੋਂ, ਸਰਤਾਜ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਕੋਟ ਦਸੰਦੀ ਮੱਲ, ਬਿਕਰਮਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਗੁਰਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਕੋਟ ਦਸੰਦੀ ਮੱਲ ਦੇ ਖਾਤਿਆਂ ਵਿਚ ਵੱਖ-ਵੱਖ ਮਿਤੀਆਂ ਨੂੰ 1 ਕਰੋੜ 63 ਲੱਖ 67 ਹਜ਼ਾਰ 975 ਰੁਪਏ ਪਾ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ। ਐੱਸ. ਡੀ. ਐੱਮ. ਵਲੋਂ ਕਥਿਤ ਤੌਰ 'ਤੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦਿਆਂ ਸਰਕਾਰੀ ਫੰਡ 'ਚ ਕਰੋੜਾਂ ਦਾ ਗਬਨ ਕੀਤਾ ਗਿਆ।

ਇਸ ਸਬੰਧੀ ਐੱਸ. ਪੀ. (ਆਈ) ਹਰਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਐੱਸ. ਡੀ. ਐੱਮ. ਅਨੁਪ੍ਰੀਤ ਕੌਰ ਤੋਂ ਇਲਾਵਾ ਜਸਬੀਰ ਕੌਰ ਪਤਨੀ ਮਿੱਤਰ ਸਿੰਘ ਵਾਸੀ ਮਾਨਾਂਵਾਲਾ, ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਫਤਿਹਪੁਰ ਅਲਗੋਂ, ਸਰਤਾਜ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਕੋਟ ਦਸੰਦੀ ਮੱਲ, ਬਿਕਰਮਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਅੰਮ੍ਰਿਤਸਰ, ਗੁਰਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਕੋਟ ਦਸੰਦੀ ਮੱਲ ਖਿਲਾਫ ਥਾਣਾ ਸਿਟੀ ਪੱਟੀ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Anuradha

Content Editor

Related News