NGT ਸਖਤ, ਰੂਪਨਗਰ ''ਚ 31 ਮਾਰਚ ਤੱਕ ਸੀਵਰੇਜ ਸਿਸਟਮ ਦਰੁਸਤ ਕਰਨ ਦੇ ਦਿੱਤੇ ਹੁਕਮ

01/27/2020 6:51:01 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਸੀਵਰੇਜ ਸਿਸਟਮ ਅਤੇ ਠੋਸ ਰਹਿੰਦ-ਖੁਹੰਦ ਪ੍ਰਬੰਧਨ ਦੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਵੱਲੋਂ ਰੂਪਨਗਰ ਪ੍ਰਸ਼ਾਸ਼ਨ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿ ਜੇਕਰ 31 ਮਾਰਚ ਤੱਕ ਸੀਵਰੇਜ ਸਿਸਟਮ ਸਹੀ ਤਰ੍ਹਾਂ ਚਾਲੂ ਨਹੀਂ ਕੀਤਾ ਗਿਆ ਤਾਂ ਲੱਖਾਂ ਰੁਪਏ ਜੁਰਮਾਨੇ ਵਜੋ ਭਰਨੇ ਪੈਣਗੇ।  ਰੂਪਨਗਰ 'ਚ ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ 'ਚ ਸੀਵਰੇਜ ਸਿਸਟਮ ਪਾਇਆ ਗਿਆ ਹੈ ਅਤੇ ਤਿੰਨ ਟ੍ਰੀਟਮੈਂਟ ਪਲਾਂਟ ਵੀ ਬਣਾਏ ਗਏ ਹਨ ਪਰ ਇਨ੍ਹਾਂ ਤਿੰਨਾਂ ਟ੍ਰੀਟਮੈਂਟਾਂ 'ਚੋਂ ਸਿਰਫ 1 ਟ੍ਰੀਟਮੈਂਟ ਪਲਾਂਟ ਹੀ ਚਾਲੂ ਹੈ, ਜਿਸ ਕਰਕੇ ਹਾਲੇ ਵੀ ਸ਼ਹਿਰ ਦਾ ਗੰਦਾ ਪਾਣੀ ਨਹਿਰਾਂ ਅਤੇ ਦਰਿਆਵਾਂ 'ਚ ਸੁੱਟਿਆ ਜਾ ਰਿਹਾ ਹੈ। ਜੋ ਟ੍ਰੀਟਮੈਂਟ ਪਲਾਂਟ ਚਾਲੂ ਹੈ, ਉਸ ਤੋਂ ਛੱਡੇ ਪਾਣੀ ਦੀ ਸੰਭਾਲ ਨਾ ਕਰਨ ਕਰਕੇ ਇਹ ਗੰਦਾ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ 'ਚ ਖੜਨ ਕਰਕੇ ਬਰਬਾਦੀ ਦਾ ਕਾਰਨ ਬਣਿਆ ਹੈ, ਜਿਸ ਕਰਕੇ ਕਿਸਾਨ ਕਾਫੀ ਪਰੇਸ਼ਾਨ ਹਨ। 

PunjabKesari

ਰੂਪਨਗਰ ਦੇ ਮਾੜੇ ਸੀਵਰੇਜ ਸਿਸਟਮ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵੱਲੋਂ ਸਤਲੁਜ, ਬਿਆਸ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪ੍ਰਦੂਸ਼ਣ ਦੀ ਨਿਗਰਾਨੀ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ਸਿੰਘ ਨੇ ਰੂਪਨਗਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ, ਗਿਆਨੀ ਜੈਲ ਸਿੰਘ ਨਗਰ ਸਥਿਤ ਵਾਟਰ ਵਰਕਸ ਅਤੇ ਕੀਰਤਪੁਰ ਸਾਹਿਬ ਪਤਾਲਪੁਰੀ ਦਰਿਆ ਦਾ ਦੌਰਾ ਕੀਤਾ। ਰੂਪਨਗਰ ਦੇ ਸੀਵਰੇਜ ਸਿਸਟਮ ਅਤੇ ਠੋਸ ਰਹਿੰਦ ਖੁਹੰਦ ਪ੍ਰਬੰਧਨ ਦੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਐੱਨ. ਜੀ. ਟੀ. ਦੀ ਟੀਮ ਵੱਲੋਂ ਨਗਰ ਕੌਸਲ ਨੂੰ ਕਾਫੀ ਝਾੜ ਪਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਵਜੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਡਾ. ਸੁਮੀਤ ਕੁਮਾਰ ਜਾਰੰਗਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਇਸ ਮੌਕੇ ਨਿਗਰਾਨ ਕਮੇਟੀ ਵੱਲੋਂ ਨਗਰ ਕੌਂਸਲ ਰੂਪਨਗਰ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ 31 ਮਾਰਚ 2020 ਤੱਕ ਤਿੰਨੋਂ ਸੀਵਰੇਜ ਸਿਸਟਮ ਅਤੇ ਰਹਿੰਦ-ਖੁਹੰਦ ਪ੍ਰਬੰਧਨ 'ਚ ਸੁਧਾਰ ਨਾ ਕੀਤਾ ਗਿਆ ਤਾਂ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਇਸ ਦੇ ਬਾਅਦ 31 ਮਾਰਚ 2021 ਤੱਕ ਵੀ ਮੁਕੰਮਲ ਨਾ ਕੀਤਾ ਗਿਆ ਤਾਂ ਜੁਰਮਾਨੇ ਦੀ ਰਾਸ਼ੀ ਦੁੱਗਣੀ ਭਰਨੀ ਪੈ ਸਕਦੀ ਹੈ। ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਦਰਿਆ 'ਚ ਸ਼ਹਿਰ ਦੇ ਸੁੱਟੇ ਜਾ ਰਹੇ ਗੰਦੇ ਪਾਣੀ ਦੇ ਪ੍ਰਬੰਧ ਲਈ 15 ਅਗਸਤ 2020 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਬਾਅਦ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਨੂੰ ਵੀ ਜੁਰਮਾਨਾ ਭਰਨਾ ਪਵੇਗਾ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਰੂਪਨਗਰ ਸ਼ਹਿਰ 'ਚ ਸੀਵਰੇਜ ਸਿਸਟਮ ਅਤੇ ਪੀਣ ਦੇ ਪਾਣੀ ਦੇ 100 ਫੀਸਦੀ ਪ੍ਰਬੰਧਾਂ ਲਈ 52 ਕਰੋੜਾਂ ਰੁਪਏ ਤੋਂ ਵੱਧ ਖਰਚੇ ਗਏ ਹਨ ਪਰ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਰੂਪਨਗਰ ਸ਼ਹਿਰ 'ਚ ਸੀਵਰੇਜ ਸਿਸਟਮ ਦਰੁੱਸਤ ਨਾ ਹੋਣਾ ਸੀਵਰੇਜ ਬੋਰਡ ਦੀ ਕਾਰਜ ਪ੍ਰਣਾਲੀ 'ਤੇ ਕਈ ਸਵਾਲ ਖੜ੍ਹੇ ਕਰਦਾ ਹੈ।


shivani attri

Content Editor

Related News