ਕੂੜੇ ਦੇ ਪਹਾੜ ਦੇਖ ਕੇ ਹੈਰਾਨ ਹੋਈ NGT ਦੀ ਟੀਮ, ਪਾਈ ਨਿਗਮ ਅਧਿਕਾਰੀਆਂ ਨੂੰ ਝਾੜ
Wednesday, Dec 04, 2019 - 11:51 AM (IST)

ਜਲੰਧਰ (ਖੁਰਾਣਾ)— ਸਾਬਕਾ ਜਸਟਿਸ ਜਸਬੀਰ ਸਿੰਘ 'ਤੇ ਆਧਾਰਿਤ ਐੱਨ. ਜੀ. ਟੀ. ਦੀ ਟੀਮ ਨੇ ਬੀਤੇ ਦਿਨ ਸ਼ਹਿਰ ਦੇ ਮੇਨ ਡੰਪ ਵਰਿਆਣਾ ਦਾ ਦੌਰਾ ਕੀਤਾ, ਜਿੱਥੇ ਕੂੜੇ ਦੇ ਵੱਡੇ-ਵੱਡੇ ਪਹਾੜਾਂ ਨੂੰ ਦੇਖ ਕੇ ਐੱਨ. ਜੀ. ਟੀ. ਦੀ ਟੀਮ ਖੁਦ ਹੈਰਾਨ ਰਹਿ ਗਈ। ਡੰਪ ਦੀ ਵਿਵਸਥਾ ਨੂੰ ਦੇਖ ਕੇ ਟੀਮ ਦੇ ਮੈਂਬਰ ਕਾਫੀ ਹੈਰਾਨ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਨਿਗਮ ਆਪਣਾ ਸਾਰਾ ਕੂੜਾ ਉਥੇ ਸੁੱਟ ਤਾਂ ਰਿਹਾ ਹੈ ਪਰ ਉਸ ਨੂੰ ਮੈਨੇਜ ਕਰਨ ਦਾ ਕੋਈ ਯਤਨ ਨਹੀਂ ਹੋ ਰਿਹਾ, ਜੋ ਚਿੰਤਾ ਦਾ ਵਿਸ਼ਾ ਹੈ।
ਐੱਨ. ਜੀ. ਟੀ. ਦੀ ਟੀਮ ਦੇ ਮੈਂਬਰਾਂ ਨੇ ਇਸ ਮਾਮਲੇ 'ਚ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨਾਲ ਵੀ ਸਵਾਲ-ਜਵਾਬ ਕੀਤੇ ਅਤੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਉਨ੍ਹਾਂ ਨੇ ਵੀ ਇਸ ਮਾਮਲੇ 'ਚ ਕੁਝ ਨਹੀਂ ਕੀਤਾ। ਇਸ ਦੌਰਾਨ ਲਾਕੜਾ ਨੇ ਉਥੇ ਲਾਏ ਜਾਣ ਵਾਲੇ ਬਾਇਓ ਮਾਈਨਿੰਗ ਪਲਾਂਟ ਅਤੇ ਹੋਰ ਯੋਜਨਾਵਾਂ ਬਾਰੇ ਦੱਸਿਆ। ਐੱਨ. ਜੀ. ਟੀ. ਦੀ ਟੀਮ ਨੇ ਵਰਿਆਣਾ ਡੰਪ ਦੇ ਕੂੜੇ 'ਚੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀ ਨੂੰ ਪਾਈਪ ਰਾਹੀਂ ਸੀਵਰ ਨਾਲ ਜੋੜੇ ਜਾਣ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਅਤੇ ਇਸ ਮਾਮਲੇ ਵਿਚ ਨਿਗਮ ਨੂੰ ਸਖਤ ਦਿਸ਼ਾ-ਨਿਰਦੇਸ਼ ਦਿੱਤੇ। ਐੱਨ. ਜੀ. ਟੀ. ਦੀ ਟੀਮ ਦਾ ਕਹਿਣਾ ਸੀ ਕਿ ਵਾਤਾਵਰਣ ਦੀ ਨਜ਼ਰ ਨਾਲ ਡੰਪ ਵਾਲੀ ਥਾਂ ਦੇ ਆਸ-ਪਾਸ ਚਾਰਦੀਵਾਰੀ ਹੋਣੀ ਚਾਹੀਦੀ ਹੈ ਅਤੇ ਨਿਯਮਾਂ ਅਨੁਸਾਰ ਉਥੇ ਗ੍ਰੀਨ ਬੈਲਟਾਂ ਵੀ ਬਣਾਈਆਂ ਜਾਣੀਆਂ ਚਾਹੀਦੀਆਂ ਜਦਕਿ ਵਰਿਆਣਾ ਵਿਚ ਅਜਿਹਾ ਕੋਈ ਯਤਨ ਨਹੀਂ ਕੀਤਾ ਗਿਆ।
ਵਰਿਆਣਾ ਮਾਮਲੇ 'ਚ ਨਿਗਮ ਨਾਲਾਇਕ ਅਤੇ ਢੀਠ : ਨਵਿੰਦਰ ਸ਼ਰਮਾ
ਵਰਿਆਣਾ ਡੰਪ ਦੇ ਬਿਲਕੁਲ ਨੇੜੇ ਸਥਿਤ ਰਿਹਾਇਸ਼ੀ ਖੇਤਰ ਚੋਪੜਾ ਟਾਊਨਸ਼ਿਪ 'ਚ ਪੈਂਦੀ ਜਲੰਧਰ ਕੁੰਜ ਕਾਲੋਨੀ ਦੇ ਪ੍ਰਧਾਨ ਨਵਿੰਦਰ ਸ਼ਰਮਾ ਨੇ ਵਰਿਆਣਾ ਡੰਪ ਦੇ ਮਾਮਲੇ 'ਚ ਜਲੰਧਰ ਨਗਰ ਨਿਗਮ ਨੂੰ ਨਾਲਾਇਕ ਅਤੇ ਢੀਠ ਦੱਸਿਆ ਹੈ। ਉਨ੍ਹਾਂ ਕਿਹਾ ਕਿ ਏਕੜਾਂ ਵਿਚ ਫੈਲੇ ਵਰਿਆਣਾ ਡੰਪ ਤੋਂ ਉਠਦੀ ਬਦਬੂ ਕਈ ਕਿਲੋਮੀਟਰ ਦੂਰ ਤਕ ਜਾਂਦੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਡੰਪ ਨੂੰ ਲੈ ਕੇ ਕਈ ਵਾਰ ਸੰਘਰਸ਼ ਕੀਤੇ ਜਾ ਚੁੱਕੇ ਹਨ ਪਰ ਇਸ ਨੂੰ ਠੀਕ ਕਰਨ ਦਾ ਇਕ ਵੀ ਯਤਨ ਨਹੀਂ ਕੀਤਾ ਗਿਆ, ਬਲਕਿ ਆਸ-ਪਾਸ ਦੀਆਂ ਜ਼ਮੀਨਾਂ ਖਰੀਦ ਕੇ ਇਸ ਨੂੰ ਹੋਰ ਵੱਡਾ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀ ਇੰਨੇ ਨਾਲਾਇਕ ਅਤੇ ਢੀਠ ਹਨ ਕਿ ਸੁਪਰੀਮ ਕੋਰਟ ਅਤੇ ਐੱਨ. ਜੀ. ਟੀ. ਦੇ ਆਦੇਸ਼ਾਂ ਨੂੰ ਵੀ ਨਹੀਂ ਮੰਨਦੇ, ਜਿਨ੍ਹਾਂ ਨੇ ਕਈ ਵਾਰ ਮਿੱਟੀ ਤੋਂ ਕੂੜੇ ਦੀ ਪੈਕਿੰਗ ਕਰਨ ਅਤੇ ਗ੍ਰੀਨ ਬੈਲਟ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਨਵਿੰਦਰ ਸ਼ਰਮਾ ਨੇ ਕਿਹਾ ਕਿ ਕੂੜੇ ਨਾਲ ਭਰੀਆਂ ਗੱਡੀਆਂ ਨੂੰ ਤਿਰਪਾਲ ਨਾਲ ਢੱਕਿਆ ਨਹੀਂ ਜਾਂਦਾ। ਹੁਣ ਉਥੇ ਬਾਇਓ ਮਾਈਨਿੰਗ ਪਲਾਂਟ ਲਗਾ ਕੇ ਕੂੜੇ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਪ੍ਰਾਜੈਕਟ ਵੀ ਪਿੰਡਾਂ ਤਕ ਹੀ ਸੀਮਤ ਲੱਗਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਵਰਿਆਣਾ ਡੰਪ ਨੂੰ ਖਤਮ ਕਰਕੇ ਇਸ ਨੂੰ ਸ਼ਹਿਰ ਤੋਂ ਦੂਰ ਲਿਜਾਇਆ ਜਾਵੇ ਕਿਉਂਕਿ ਆਸ-ਪਾਸ ਕਾਫੀ ਸੰਘਣੀ ਆਬਾਦੀ ਹੈ।