ਆਖ਼ਰਕਾਰ 7 ਵਾਰ ਦੀ ਨੈਸ਼ਨਲ ਚੈਂਪੀਅਨ ਇਰਿਨਾ ਨੂੰ ਇਨਸਾਫ਼ ਦੀ ਬੱਝੀ ਆਸ, ਪਤੀ ਖ਼ਿਲਾਫ਼ ਪੇਸ਼ ਹੋਇਆ ਚਲਾਨ

02/24/2022 1:56:04 PM

ਚੰਡੀਗੜ੍ਹ (ਹਾਂਡਾ) : ਸੱਤ ਵਾਰ ਦੀ ਨੈਸ਼ਨਲ ਗੋਲਫ਼ ਚੈਂਪੀਅਨ ਰਹਿ ਚੁੱਕੀ ਇੰਟਰਨੈਸ਼ਨਲ ਗੋਲਫ਼ਰ ਇਰਿਨਾ ਬਰਾੜ ਨੇ ਆਪਣੇ ਪਤੀ ਇੰਟਰਨੈਸ਼ਨਲ ਗੋਲਫ਼ ਕੋਚ ਸੱਜਣ ਸਿੰਘ ਖ਼ਿਲਾਫ਼ 2018 ਵਿਚ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਸ਼ਿਕਾਇਤ ਮਿਲਣ ਦੇ ਡੇਢ ਸਾਲ ਤੱਕ ਐੱਫ਼. ਆਈ. ਆਰ. ਦਰਜ ਨਹੀਂ ਕੀਤੀ ਸੀ, ਜਿਸ ਤੋਂ ਬਾਅਦ ਇਰਿਨਾ ਨੇ ਅਦਾਲਤ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ ਪੁਲਸ ਨੂੰ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਸ਼ਿਕਾਇਤ ਦੇ 14 ਮਹੀਨਿਆਂ ਬਾਅਦ ਐੱਫ਼. ਆਈ. ਆਰ. ਦਰਜ ਕਰਨੀ ਪਈ ਸੀ। ਐੱਫ਼. ਆਈ. ਆਰ. ਦਰਜ ਕਰਨ ਤੋਂ ਬਾਅਦ ਪੁਲਸ ਨੇ ਜਾਂਚ ਵਿਚ ਸਮਾਂ ਬਰਬਾਦ ਕਰ ਦਿੱਤਾ ਅਤੇ 2 ਸਾਲ ਤੱਕ ਚਲਾਨ ਹੀ ਪੇਸ਼ ਨਹੀਂ ਕੀਤਾ, ਜਿਸ ਕਾਰਨ ਇਰਿਨਾ ਦਾ ਪਤੀ ਬਿਨਾਂ ਕਿਸੇ ਦਬਾਅ ਦੇ ਦੁਬਈ ਵਿਚ ਪ੍ਰੋਫੈਸ਼ਨਲ ਕੋਚਿੰਗ ਦੇ ਰਿਹਾ ਹੈ। ਇਰਿਨਾ ਬਰਾੜ ਨੇ ਐਡਵੋਕੇਟ ਆਰ. ਐੱਸ. ਬੈਂਸ ਦੀ ਮਾਰਫ਼ਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਪੁਲਸ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਚੁੱਕੇ ਸਨ। ਹਾਈਕੋਰਟ ਨੇ ਮਾਮਲੇ ਵਿਚ ਸੁਣਵਾਈ ਕਰਦਿਆਂ ਚੰਡੀਗੜ੍ਹ ਪੁਲਸ ਨੂੰ ਫਟਕਾਰ ਲਾਉਂਦਿਆਂ 9 ਫਰਵਰੀ ਨੂੰ ਹੁਕਮ ਪਾਸ ਕੀਤੇ ਸਨ ਕਿ 10 ਦਿਨਾਂ ਦੇ ਅੰਦਰ ਸੱਜਣ ਸਿੰਘ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਵਿਚ ਚਲਾਨ ਪੇਸ਼ ਕੀਤਾ ਜਾਵੇ। ਪੁਲਸ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਆਖ਼ਰਕਾਰ 25 ਮਹੀਨਿਆਂ ਬਾਅਦ ਸੱਜਣ ਸਿੰਘ ਖ਼ਿਲਾਫ਼ ਦਰਜ ਧਾਰਾ-498 ਏ ਅਤੇ 406 ਤਹਿਤ ਦਰਜ ਐੱਫ਼. ਆਈ. ਆਰ. ਵਿਚ ਚਲਾਨ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਸੱਜਣ ਸਿੰਘ ਨੂੰ ਹੁਣ ਟ੍ਰਾਇਲ ਵਿਚ ਸ਼ਾਮਲ ਹੋਣ ਲਈ ਭਾਰਤ ਆਉਣਾ ਪਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਖ਼ਤਮ ਹੋਇਆ 'ਬਿਜਲੀ ਸੰਕਟ', ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ
ਇਰਿਨਾ ਨੂੰ 2018 ’ਚ ਪਤੀ ਨੇ ਧੀ ਸਮੇਤ ਘਰੋਂ ਕੱਢਿਆ ਸੀ
ਇਰਿਨਾ ਬਰਾੜ ਦਾ ਵਿਆਹ 2010 ਵਿਚ ਹੋਇਆ ਸੀ, ਜਿਸ ਦੀ ਹੁਣ 9 ਸਾਲ ਦੀ ਧੀ ਵੀ ਹੈ। ਇਰਿਨਾ 8 ਸਾਲ ਪਤੀ ਨਾਲ ਆਪਣੇ ਸਹੁਰੇ ਘਰ ਸੈਕਟਰ-5 ਵਿਚ ਰਹੀ ਸੀ, ਜਿੱਥੇ ਉਸ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਉਸਨੂੰ 2018 ਵਿਚ ਪਤੀ ਨੇ ਧੀ ਸਮੇਤ ਘਰੋਂ ਕੱਢ ਦਿੱਤਾ ਸੀ। ਇਰਿਨਾ ਨੇ ਪੁਲਸ ਨੂੰ ਪਤੀ ਅਤੇ ਸਹੁਰੇ ਘਰ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਜਿਸ ’ਤੇ ਸਿਆਸੀ ਅਤੇ ਹੋਰ ਦਬਾਅ ਕਾਰਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਦੌਰਾਨ ਸ਼ਿਕਾਇਤ ਦੇ 10 ਦਿਨਾਂ ਬਾਅਦ ਹੀ ਇਰਿਨਾ ਦਾ ਪਤੀ ਸ਼ਹਿਰ ਛੱਡ ਕੇ ਦੁਬਈ ਚਲਾ ਗਿਆ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮਾਰਚ ਮਹੀਨੇ ਬਣਨ ਵਾਲੀ ਸਰਕਾਰ ਲਈ ਖੜ੍ਹੀ ਹੋਵੇਗੀ ਆਫ਼ਤ, ਜਾਣੋ ਕਾਰਨ
ਪੁਲਸ ਦੇ ਚੱਕਰ ਕੱਟਣ ਤੋਂ ਬਾਅਦ ਇਰਿਨਾ ਨੇ ਜ਼ਿਲ੍ਹਾ ਕੋਰਟ ’ਚ ਦਾਖ਼ਲ ਕੀਤੀ ਸੀ ਅਪੀਲ
ਇਰਿਨਾ ਨੇ ਮਾਮਲਾ ਦਰਜ ਕਰਵਾਉਣ ਲਈ ਪੁਲਸ ਵਿਭਾਗ ਦੇ ਕਈ ਚੱਕਰ ਲਾਏ ਪਰ ਗੱਲ ਨਾ ਬਣੀ ਤਾਂ ਉਸਨੇ ਜ਼ਿਲ੍ਹਾ ਅਦਾਲਤ ਵਿਚ ਅਪੀਲ ਦਾਖ਼ਲ ਕੀਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਕੋਰਟ ਨੇ ਪੁਲਸ ਨੂੰ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਸੱਜਣ ਸਿੰਘ ਨੂੰ ਹਾਈਕੋਰਟ ਵੱਲੋਂ ਐਂਟੀਸੀਪੇਟਰੀ ਬੇਲ ਮਿਲ ਗਈ ਸੀ। ਪੁਲਸ ਨੇ 25 ਮਹੀਨਿਆਂ ਤੱਕ ਚਲਾਨ ਪੇਸ਼ ਨਹੀਂ ਕੀਤਾ, ਜਿਸ ਕਾਰਨ ਸੱਜਣ ਸਿੰਘ ਨੂੰ ਦੁਬਈ ਤੋਂ ਇੱਥੇ ਆਉਣਾ ਨਹੀਂ ਪਿਆ ਪਰ ਹੁਣ ਹਾਈਕੋਰਟ ਦੇ ਹੁਕਮਾਂ ’ਤੇ ਪੁਲਸ ਨੇ ਚਲਾਨ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਇਰਿਨਾ ਨੇ ਰਾਹਤ ਦਾ ਸਾਹ ਲਿਆ ਹੈ।

ਇਹ ਵੀ ਪੜ੍ਹੋ : ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪਿਤਾ ਨੂੰ ਉਮਰਕੈਦ, ਮਾਂ ਨੂੰ ਵੀ ਅਦਾਲਤ ਨੇ ਸੁਣਾਈ ਸਜ਼ਾ
ਖ਼ੁਦ ’ਤੇ ਬੀਤੀ ਤਾਂ ਪਤਾ ਲੱਗਿਆ ਕਿ ਪੁਲਸ ਨਾਲ ਕਾਨੂੰਨੀ ਲੜਾਈ ਲੜਨਾ ਕਿੰਨਾ ਮੁਸ਼ਕਲ
ਇਰਿਨਾ ਬਰਾੜ ਨੇ ਕਿਹਾ ਕਿ ਉਹ ਪੁਲਸ ਦੇ ਕਿੱਸੇ ਸੁਣਦੀ ਹੁੰਦੀ ਸੀ, ਜਿਸ ’ਤੇ ਭਰੋਸਾ ਨਹੀਂ ਹੁੰਦਾ ਸੀ ਪਰ ਖ਼ੁਦ ’ਤੇ ਬੀਤੀ ਤਾਂ ਪਤਾ ਚੱਲ ਗਿਆ ਕਿ ਪੁਲਸ ਨਾਲ ਕਾਨੂੰਨੀ ਲੜਾਈ ਲੜਨਾ ਕਿੰਨਾ ਮੁਸ਼ਕਲ ਹੈ। ਉਸਦਾ ਕਹਿਣਾ ਸੀ ਕਿ ਉਹ ਪੜ੍ਹੀ-ਲਿਖੀ ਹੈ ਅਤੇ ਕਾਨੂੰਨ ਜਾਣਦੀ ਹੈ ਫਿਰ ਵੀ 4 ਸਾਲ ਧੱਕੇ ਖਾਣੇ ਪਏ। ਸੋਚਦੀ ਹਾਂ ਆਮ ਲੋਕਾਂ ’ਤੇ ਕੀ ਗੁਜ਼ਰਦੀ ਹੋਵੇਗੀ। ਉਸਦਾ ਕਹਿਣਾ ਸੀ ਕਿ ਹੁਣ ਤਾਂ ਪੁਲਸ ਤੋਂ ਉਸ ਦਾ ਭਰੋਸਾ ਉੱਠ ਗਿਆ ਹੈ। ਪਹਿਲਾਂ ਲੱਗਦਾ ਸੀ ਕਿ ਅਦਾਲਤਾਂ ਤੋਂ ਇਨਸਾਫ਼ ਮਿਲੇਗਾ ਪਰ ਅਦਾਲਤਾਂ ਦੇ ਹੁਕਮਾਂ ’ਤੇ ਵੀ ਕੋਈ ਅਮਲ ਨਹੀਂ ਹੁੰਦਾ, ਜਿਸਦੀ ਉਦਾਹਰਣ ਉਸ ਕੋਲ ਹੈ। ਉਸਦਾ ਕਹਿਣਾ ਸੀ ਕਿ ਵੱਖ-ਵੱਖ ਮਾਮਲਿਆਂ ਵਿਚ ਅਦਾਲਤ ਨੇ ਉਸਦਾ ਅਤੇ ਉਸਦੀ ਬੱਚੀ ਦਾ ਖ਼ਰਚਾ ਨਿਰਧਾਰਿਤ ਕੀਤਾ ਸੀ, ਜੋ ਕਿ ਸੱਜਣ ਸਿੰਘ ਨੇ ਦੇਣਾ ਸੀ ਪਰ ਅੱਜ ਤਕ ਇਕ ਪੈਸਾ ਵੀ ਉਸਨੂੰ ਨਹੀਂ ਦਿੱਤਾ ਗਿਆ। ਹੁਣ ਤਕ 30 ਲੱਖ ਤੋਂ ਜ਼ਿਆਦਾ ਮੇਂਟੀਨੈਂਸ ਰਾਸ਼ੀ ਬਕਾਇਆ ਹੈ।
ਹੁਣ ਤੱਕ ਚਾਰ ਵਕੀਲ ਲੜ ਚੁੱਕੇ ਹਨ ਕੇਸ
ਇਰਿਨਾ ਨੇ ਦੱਸਿਆ ਕਿ ਸੱਜਣ ਸਿੰਘ ਦੇ ਪਿਤਾ ਵੱਡੀ ਸਿਆਸੀ ਪਾਰਟੀ ਦੇ ਨੇਤਾ ਹਨ ਅਤੇ ਸਹੁਰਿਆਂ ਦਾ ਇਕ ਰਿਸ਼ਤੇਦਾਰ ਸੁਪਰੀਮ ਕੋਰਟ ਦਾ ਜੱਜ ਰਹਿ ਚੁੱਕਾ ਹੈ। ਇਸ ਕਾਰਨ ਕੋਈ ਵਕੀਲ ਵੀ ਉਸਦਾ ਕੇਸ ਨਹੀਂ ਲੜ ਰਿਹਾ ਸੀ। ਹੁਣ ਤੱਕ 4 ਵਕੀਲ ਉਸਦਾ ਕੇਸ ਵਾਪਸ ਕਰ ਚੁੱਕੇ ਹਨ। ਇਸ ਤੋਂ ਬਾਅਦ ਸੀਨੀਅਰ ਐਡਵੋਕੇਟ ਆਰ. ਐੱਸ. ਬੈਂਸ ਨੇ ਹਿੰਮਤ ਵਧਾਈ ਅਤੇ ਉਸਦਾ ਕੇਸ ਲੜਿਆ। ਇਸ ਤੋਂ ਬਾਅਦ ਉਸ ਨੂੰ ਹੁਣ ਇਨਸਾਫ਼ ਦੀ ਉਮੀਦ ਬੱਝੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News