''ਆਪ'' ਨੂੰ ਝਟਕਾ : ਨਰਿੰਦਰ ਸ਼ੇਰਗਿੱਲ ਚੋਣ ਮੈਦਾਨ ''ਚੋਂ ਬਾਹਰ, ਪਿਤਾ ਲੜਣਗੇ ਚੋਣ (ਵੀਡੀਓ)

Thursday, May 02, 2019 - 06:47 PM (IST)

ਰੂਪਨਗਰ (ਸੱਜਣ ਸੈਣੀ) : ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ 'ਆਪ' ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਹੁਣ ਉਹ ਲੋਕ ਸਭਾ ਚੋਣ ਨਹੀਂ ਲੜ ਸਕਦੇ। ਹਾਲਾਂਕਿ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਆਪਣੇ ਵਕੀਲ ਰਾਹੀਂ ਪੰਜਾਬ ਹਰਿਆਣਾ ਹਾਈਕੋਰਟ 'ਚ ਗੁਹਾਰ ਲਗਾਈ ਗਈ ਸੀ ਪਰ ਉਸ 'ਚ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਦੱਸ ਦਈਏ ਕਿ ਚੋਣ ਕਮਿਸ਼ਨ ਵਲੋਂ ਨਰਿੰਦਰ ਸ਼ੇਰਗਿੱਲ ਨੂੰ ਜੂਨ 2018 ਤੋਂ ਲੈ ਕੇ ਜੂਨ 2021 ਤੱਕ ਅਯੋਗ ਕਰਾਰ ਦਿੱਤਾ ਹੈ, ਭਾਵ ਕਿ ਉਹ ਤਿੰਨ ਸਾਲ ਲਈ ਚੋਣ ਨਹੀਂ ਲੜ ਸਕਦੇ ਹਨ। 

ਪਿਤਾ ਭਜਨ ਸਿੰਘ ਸ਼ੇਰਗਿੱਲ 'ਆਪ' ਵਲੋਂ ਲੜਨਗੇ ਚੋਣ
ਨਰਿੰਦਰ ਸਿੰਘ ਸ਼ੇਰਗਿੱਲ ਦੀ ਉਮੀਦਵਾਰੀ ਰੱਦ ਹੋਣ 'ਤੇ ਹੁਣ ਉਨ੍ਹਾਂ ਦੇ ਪਿਤਾ ਭਜਨ ਸਿੰਘ ਸ਼ੇਰਗਿੱਲ 'ਆਪ' ਵਲੋਂ ਲੋਕ ਸਭਾ ਚੋਣ ਲੜਨਗੇ।

ਜ਼ਿਲਾ•ਚੋਣ ਅਧਿਕਾਰੀ ਵੱਲੇਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ 2 ਮਈ ਸਵੇਰੇ 11 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਉਹ ਆਪਣਾ ਪੱਖ ਰੱਖ ਸਕਣ ਅਤੇ ਉਨ੍ਹਾਂ ਨੂੰ ਦਸਤਾਵੇਜ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਦੌਰਾਨ ਨਰਿੰਦਰ ਸਿੰਘ ਸ਼ੇਰਗਿੱਲ ਤਾਂ ਜ਼ਿਲਾ•ਚੋਣ ਅਧਿਕਾਰੀ ਕੋਲ ਪੇਸ਼ ਨਹੀਂ ਹੋਏ ਪਰ ਆਮ ਆਦਮੀ ਪਾਰਟੀ ਤੋਂ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ , ਜੈ ਕਿਸ਼ਨ ਸਿੰਘ ਰੋੜੀ ਵਿਧਾਇਕ ਗੜਸ਼ੰਕਰ ਅਤੇ ਸ਼ੇਰਗਿੱਲ ਦੇ ਵਕੀਲਾਂ ਦਾ ਇੱਕ  ਵਫਦ ਚੋਣ ਅਧਿਕਾਰੀ ਨੂੰ ਮਿਲਿਆ ਅਤੇ ਕੁਝ ਦਸਤਾਵੇਜ, ਅਰਜੀਆਂ ਪੇਸ਼ ਕੀਤੀਆਂ ਪਰ ਜ਼ਿਲਾ•ਚੋਣ ਅਧਿਕਾਰੀ ਸਹਿਮਤ ਨਾ ਹੋਏ। ਅੱਜ ਚੋਣ ਅਧਿਕਾਰੀ ਰੂਪਨਗਰ ਵੱਲੋਂ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ, ਜਿਸ 'ਚ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂ ਸ਼ਾਮਲ ਨਹੀਂ ਸੀ।

ਇਹ ਸੀ ਮਾਮਲਾ 
ਚੋਣ ਕਮਿਸ਼ਨ ਅਨੁਸਾਰ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਜ਼ਿਲਾ ਮੋਹਾਲੀ ਤੋਂ 2017 'ਚ ਵਿਧਾਨਸਭਾ ਚੋਣਾਂ ਲੜੀਆਂ ਗਈਆਂ ਸਨ, ਜਿਸ 'ਚ ਉਨ੍ਹਾਂ ਨੇ ਖ਼ਰਚੇ ਦਾ ਵੇਰਵਾ ਚੋਣ ਕਮਿਸ਼ਨ ਨੂੰ ਨਹੀਂ ਦਿੱਤਾ ਸੀ, ਜਿਸ ਦੇ ਚੱਲਦੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਕਮਿਸ਼ਨ ਨੇ ਚੋਣ ਲੜਨ ਤੋਂ ਡਿਸਕੁਆਲੀਫਾਈ ਕੀਤਾ ਗਿਆ ਸੀ। ਉਮੀਦਵਾਰੀ ਰੱਦ ਹੋਣ ਤੋਂ ਬਾਅਦ ਨਰਿੰਦਰ ਸਿੰਘ ਸ਼ੇਰਗਿੱਲ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਅਰਜ਼ੀ ਲਗਾਈ ਸੀ। 


author

Anuradha

Content Editor

Related News