ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਵਿਖੇ 6 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ

Monday, Mar 17, 2025 - 04:35 PM (IST)

ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਵਿਖੇ 6 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ

ਭਵਾਨੀਗੜ੍ਹ (ਕਾਂਸਲ, ਵਿਕਾਸ) : ਪੰਜਾਬ ਦੇ 21 ਤੋਂ 28 ਮਾਰਚ ਦੇ ਚੱਲਣ ਵਾਲੇ ਬਜਟ ਸ਼ੈਸਨ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕਈ ਨਵੀਆਂ ਚੀਜ਼ਾਂ ਲੋਕਾਂ ਨੂੰ ਦਿੱਤੀਆ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਨੇੜਲੇ ਪਿੰਡ ਘਰਾਚੋਂ ਵਿਖੇ ਅਨਾਜ ਮੰਡੀ ’ਚ 6 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਬ ਯਾਰਡ ਤੇ ਹੋਰ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਵੱਲੋਂ ਸੂਬੇ ਅੰਦਰ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਘਰਾਚੋਂ ਦੀ ਅਨਾਜ ਮੰਡੀ ਵਿਖੇ ਬਣਨ ਵਾਲੇ ਪੱਕੇ ਕੰਕਰੀਟ ਵਾਲੇ ਸਬ-ਯਾਰਡ, ਪੱਕੇ ਸਟੀਲ ਸੈੱਡ, ਪਖ਼ਾਨੇ ਬਲਾਕ, ਉਸਾਰੀ ਜਾਣ ਵਾਲੀ ਚਾਰ ਦੀਵਾਰੀ ਨਾਲ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿੰਡ ਘਰਾਚੋਂ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ 4 ਨਵੀਆਂ ਸੜਕਾਂ ਬਣਾਉਂਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਸੜਕਾਂ ਦਾ ਕੰਮ ਵੀ ਉਨ੍ਹਾਂ ਵਲੋਂ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ।  

ਪਿਛਲੇ ਦਿਨਾਂ ਤੋਂ ਟਰੱਕ ਯੂਨੀਅਨ ਦੇ ਵਿਵਾਦ ਨੂੰ ਲੈ ਕੇ ਵਿਰੋਧੀ ਪਾਰਟੀਆ ਦੇ ਆਗੂਆਂ ਵਲੋਂ ਉਨ੍ਹਾਂ ਖ਼ਿਲਾਫ਼ ਕੀਤੀ ਜਾ ਰਹੀ ਰਾਜਨੀਤੀ ਦਾ ਜਵਾਬ ਦਿੰਦਿਆਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆ ਹੋਏ ਕਿਹਾ ਕਿ ਜਦੋਂ ਇਲਾਕੇ ਦੇ ਲੋਕ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ ਤਾਂ ਉਨ੍ਹਾਂ ਨੂੰ ਵਿਰੋਧੀਆ ਵਲੋਂ ਕੀਤੀ ਜਾ ਰਹੀ ਗੰਦੀ ਰਾਜਨੀਤੀ ਦਾ ਕੋਈ ਵੀ ਡਰ ਨਹੀਂ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਆੜ੍ਹਤੀਆਂ ਐਸੋਸੀਏਸ਼ਨ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਦੀਪ ਮਿੱਤਲ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ, ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਪਿੰਡ ਘਰਾਚੋਂ ਦੇ ਸਰਪੰਚ ਦਲਜੀਤ ਸਿੰਘ ਘਰਾਚੋਂ ਅਤੇ ਰਘਬੀਰ ਸਿੰਘ ਨੰਬਰਦਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ  ਤੇ ਭਾਰੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।


author

Gurminder Singh

Content Editor

Related News