ਮਾਛੀਵਾੜਾ ''ਚ ਆੜ੍ਹਤੀ ਵਲੋਂ ਕੀਤੀ ਖੁਦਕੁਸ਼ੀ ਮਾਮਲੇ ''ਚ ਨਵਾਂ ਮੋੜ

06/04/2019 12:42:31 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ 'ਚ ਬੀਤੇ ਦਿਨ ਆੜ੍ਹਤੀ ਅਤੇ ਕਾਰੋਬਾਰੀ ਨਰੇਸ਼ ਲੀਹਲ ਵਲੋਂ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਖੁਦਕੁਸ਼ੀ ਕਰ ਲਈ ਗਈ ਸੀ। ਇਸ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪਰਿਵਾਰਕ ਮੈਂਬਰਾਂ ਵਲੋਂ ਲਾਏ ਦੋਸ਼ਾਂ ਤਹਿਤ ਨਰੇਸ਼ ਦੇ ਕਾਰੋਬਾਰ 'ਚ ਹਿੱਸੇਦਾਰ ਸੁਖਵਿੰਦਰ ਸਿੰਘ ਗਿੱਲ ਖਿਲਾਫ਼ ਮਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ।
ਮ੍ਰਿਤਕ ਨਰੇਸ਼ ਲੀਹਲ ਦੀ ਪਤਨੀ ਪੂਨਮ ਲੀਹਲ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਪਤੀ ਦਾ ਮਾਛੀਵਾੜਾ ਵਾਸੀ ਸੁਖਵਿੰਦਰ ਸਿੰਘ ਗਿੱਲ ਨਾਲ ਆੜ੍ਹਤ ਦਾ ਕਾਰੋਬਾਰ ਸਾਂਝਾ ਸੀ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਨੇ ਅਨਾਜ ਮੰਡੀ ਜਾਣਾ ਛੱਡ ਦਿੱਤਾ ਸੀ ਅਤੇ ਆਪਣੇ ਹਿੱਸੇਦਾਰ ਤੋਂ ਲੱਖਾਂ ਰੁਪਏ ਲੈਣੇ ਸਨ। ਪੂਨਮ ਨੇ ਦੱਸਿਆ ਕਿ ਉਸ ਦੇ ਪਤੀ ਵਲੋਂ ਵਾਰ-ਵਾਰ ਆਪਣੇ ਹਿੱਸੇਦਾਰ ਤੋਂ ਪੈਸੇ ਮੰਗਣ ਦੇ ਬਾਵਜੂਦ ਵੀ ਕੋਈ ਹੱਥ ਪੱਲ੍ਹਾ ਨਹੀਂ ਫੜ੍ਹਾਇਆ ਜਾ ਰਿਹਾ ਸੀ, ਜਿਸ ਕਾਰਨ ਉਹ ਪਰੇਸ਼ਾਨ ਚੱਲ ਰਹੇ ਸਨ। ਹਿੱਸੇਦਾਰ ਵਲੋਂ ਪੈਸੇ ਨਾ ਦੇਣ ਕਾਰਨ ਅਤੇ ਪਰੇਸ਼ਾਨੀ 'ਚ ਆ ਕੇ ਉਸ ਦੇ ਪਤੀ ਨੇ ਲਾਈਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਪੁਲਸ ਨੇ ਬਿਆਨਾਂ ਦੇ ਅਧਾਰ 'ਤੇ ਸੁਖਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਸ ਕੋਠੀ 'ਚ ਨਰੇਸ਼ ਲੀਹਲ ਰਹਿੰਦਾ ਸੀ, ਉਸ 'ਤੇ ਲੱਖਾਂ ਰੁਪਏ ਦਾ ਕਰਜ਼ਾ ਸੀ, ਜੋ ਕਿ ਫਰਮ ਨੇ ਲਿਆ ਹੋਇਆ ਸੀ ਅਤੇ ਬੈਂਕ ਵਲੋਂ ਇਸ ਸਬੰਧੀ ਆਖਰੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਕਿ ਜੇਕਰ ਬੈਂਕ ਦਾ ਕਰਜ਼ਾ ਨਾ ਭਰਾਇਆ ਗਿਆ ਤਾਂ ਉਸ ਦੀ ਨੀਲਾਮੀ ਕਰ ਦਿੱਤੀ ਜਾਵੇਗੀ।  ਪਰਿਵਾਰਕ ਮੈਂਬਰਾਂ ਮੁਤਾਬਕ ਇਹ ਕੋਠੀ 'ਤੇ ਕਰਜ਼ਾ ਵੀ ਆੜ੍ਹਤ ਦੇ ਕਾਰੋਬਾਰ ਲਈ ਬੈਂਕ ਤੋਂ ਲਿਆ ਗਿਆ ਸੀ ਪਰ ਹੁਣ ਹਿੱਸੇਦਾਰ ਵਲੋਂ ਇਸ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਸੀ, ਜੋ ਕਿ ਪਰੇਸ਼ਾਨੀ ਦਾ ਵੱਡਾ ਕਾਰਨ ਬਣਿਆ ਅਤੇ ਆੜ੍ਹਤੀ ਨਰੇਸ਼ ਲੀਹਲ ਨੇ ਖੁਦਕੁਸ਼ੀ ਕਰ ਲਈ।


Babita

Content Editor

Related News