ਗੁਜਰਾਤ ''ਚ ਮੋਦੀ ਆਪਣੇ ''ਘਰੋਂ'' ਹਾਰੇ!

Wednesday, Dec 20, 2017 - 05:35 AM (IST)

ਗੁਜਰਾਤ ''ਚ ਮੋਦੀ ਆਪਣੇ ''ਘਰੋਂ'' ਹਾਰੇ!

ਲੁਧਿਆਣਾ(ਮੁੱਲਾਂਪੁਰੀ)-ਦੇਸ਼ ਦੇ ਸਭ ਤੋਂ ਵੱਕਾਰੀ ਸੂਬੇ ਗੁਜਰਾਤ ਦੀ ਚੋਣ 'ਚ ਭਾਵੇਂ ਭਾਜਪਾ 100 ਦਾ ਅੰਕੜਾ ਨਹੀਂ ਟਪਾ ਸਕੀ ਪਰ ਛੇਵੀਂ ਵਾਰ ਸੱਤਾ ਹਾਸਲ ਕਰ ਕੇ ਸਰਕਾਰ ਬਣਾਉਣ ਵੱਲ ਜਾ ਰਹੀ ਹੈ ਪਰ ਦੂਜੇ ਪਾਸੇ ਕਾਂਗਰਸ ਨੇ ਵੀ ਇਸ ਵਾਰ ਭਾਜਪਾ ਨੂੰ ਸਿਆਸੀ ਚਨੇ ਚਬਾਉਣ ਵਰਗੀ ਕਾਰਵਾਈ ਕਰ ਕੇ 80 ਸੀਟਾਂ ਹਾਸਲ ਕਰ ਲਈਆਂ ਹਨ। ਗੁਜਰਾਤ ਚੋਣਾਂ 'ਚ ਭਾਵੇਂ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ ਪਰ ਸਭ ਤੋਂ ਵੱਡੀ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਮਸਿਆਣਾ ਜ਼ਿਲੇ ਦੀਆਂ ਦੋ ਸੀਟਾਂ ਕਾਂਗਰਸ ਹੱਥੋਂ ਹਾਰ ਗਈ ਹੈ। ਇਕ ਸੀਟ ਉਂਝਾ ਵਿਧਾਨ ਸਭਾ ਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਬਡਨਗਰ ਸ਼ਾਮਲ ਹੈ। ਦੂਸਰੀ ਬੇਚਰਾਜੀ ਸੀਟ 'ਤੇ ਵੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੀਡੀਆ 'ਚ ਆਈ ਇਸ ਰਿਪੋਰਟ ਸਬੰਧੀ ਲੋਕ ਗੱਲਾਂ ਕਰ ਰਹੇ ਸਨ ਕਿ ਮੋਦੀ ਦਾ ਜਾਦੂ ਗੁਜਰਾਤ ਤੇ ਹਿਮਾਚਲ 'ਚ ਭਾਵੇਂ ਚੱਲਿਆ ਪਰ ਆਪਣੇ ਜੱਦੀ ਵਿਧਾਨ ਸਭਾ ਹਲਕੇ 'ਚ  ਮੋਦੀ ਦਾ ਹਾਰ ਜਾਣਾ ਅਸ਼ੁੱਭ ਸੰਕੇਤ ਮੰਨਿਆ ਜਾ ਰਿਹਾ ਹੈ ਕਿਉਂਕਿ ਘਰ 'ਚੋਂ ਮਿਲੀ ਜਿੱਤ ਵੱਡੀ ਜਿੱਤ ਹੁੰਦੀ ਹੈ। ਘਰ 'ਚੋਂ ਮਿਲੀ ਹਾਰ ਭਵਿੱਖ 'ਤੇ ਵੀ ਪ੍ਰਛਾਵਾਂ ਪਾਉਂਦੀ ਹੈ।


Related News