ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਵਾਲੇ ਨਵਜੋਤ ਸਿੱਧੂ ਨੂੰ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਦਾ ਹੱਕ ਨਹੀਂ : ਬਰਾੜ
Saturday, Jan 08, 2022 - 01:56 PM (IST)
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਮਾਮਲੇ ਨੂੰ ਭਾਜਪਾ ਦਾ ਡਰਾਮਾ ਦੱਸਣ ਵਾਲੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਨੇ ਵੱਡਾ ਹਮਲਾ ਬੋਲਿਆ ਹੈ। ਬਰਾੜ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਬਾਲਾ ਕੋਟ ਸਟ੍ਰਾਈਕ ’ਤੇ ਸਵਾਲ ਚੁੱਕਣ ਵਾਲੇ ਨਵਜੋਤ ਸਿੱਧੂ ਜਿਸ ਨੇ ਕਿਹਾ ਸੀ ਕਿ ਅਸੀਂ ਦਰੱਖਤ ਉਖਾੜ ਰਹੇ ਸੀ ਜਾਂ ਅੱਤਵਾਦੀ। ਇਸ ਤੋਂ ਬਾਅਦ ਪਾਕਿਸਤਾਨ ਦੇ ਫੌਜ ਮੁਖੀ ਬਜਾਵਾ ਨੂੰ ਜੱਫ਼ੀ ਪਾ ਕੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਨਵਜੋਤ ਸਿੱਧੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ।
ਸਿੱਧੂ ਨੇ ਪ੍ਰਧਾਨ ਮੰਤਰੀ ’ਤੇ ਚੁੱਕੇ ਸਨ ਸਵਾਲ
ਦੱਸਣਯੋਗ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਮਾਮਲੇ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦਾ ਡਰਾਮਾ ਦੱਸਿਆ ਸੀ। ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ’ਚ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਨੂੰ ਨਾ ਤਾਂ ਵੋਟ ਹੈ ਅਤੇ ਨਾ ਹੀ ਸੁਪੋਰਟ ਹੈ। ਇਹ ਬੁਲਬੁਲਾ ਉਸ ਸਮੇਂ ਫੁੱਟਿਆ, ਜਦੋਂ ਪ੍ਰਧਾਨ ਮੰਤਰੀ ਦੀ ਰੈਲੀ ਦੇ ਪੰਡਾਲ ’ਚ 70 ਹਜ਼ਾਰ ਕੁਰਸੀਆਂ ਲੱਗੀਆਂ ਸਨ ਤੇ ਸਿਰਫ 500 ਲੋਕ ਆਏ। ਪ੍ਰਧਾਨ ਮੰਤਰੀ ਜੇਕਰ 70 ਹਜ਼ਾਰ ਖਾਲੀ ਕੁਰਸੀਆਂ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਤਾਂ ਉਹ ਜ਼ੀਰੋ ਹੋ ਜਾਂਦੇ, ਇਸ ਲਈ ਮੁੱਦਾ ਡਾਇਵਰਟ ਕਰ ਕੇ ਸਕਿਓਰਿਟੀ ਇਸ਼ੂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਚਾਨਕ ਸੜਕੀ ਮਾਰਗ ਦਾ ਰਸਤਾ ਕਿਉਂ ਚੁਣਿਆ। ਜੇਕਰ ਪਲਾਨ ਬਦਲਿਆ ਤਾਂ ਸਾਫ਼ ਹੈ ਕਿ ਉਹ ਅਪਮਾਨ ਤੋਂ ਬਚਣਾ ਚਾਹੁੰਦੇ ਸਨ।