ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਹੋਇਆ ਦਿਹਾਂਤ
Friday, Jan 22, 2021 - 04:01 PM (IST)
ਜਲੰਧਰ (ਬਿਊਰੋ)– ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਦਿੱਲੀ ਦੇ ਅਪੋਲੋ ਹਸਪਤਾਲ ’ਚ ਉਨ੍ਹਾਂ ਨੇ ਦੁਪਹਿਰ ਕਰੀਬ 12:15 ਵਜੇ ਆਖਰੀ ਸਾਹ ਲਿਆ। ਚੰਚਲ ਪਿਛਲੇ 3 ਮਹੀਨਿਆਂ ਤੋਂ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਨੇਕਾਂ ਸੁਪਰਹਿੱਟ ਭਜਨਾਂ ਨਾਲ ਚੰਚਲ ਨੇ ਹਿੰਦੀ ਫ਼ਿਲਮਾਂ ’ਚ ਕਈ ਗੀਤ ਵੀ ਗਾਏ। ਭਜਨ ਗਾਇਕੀ ’ਚ ਚੰਚਲ ਇਕ ਖਾਸ ਸਥਾਨ ਰੱਖਦੇ ਸਨ। ਨਰਿੰਦਰ ਚੰਚਲ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਸ਼ਾਗਿਰਦ ਵਰੁਣ ਮਦਾਨ ਨੇ ਕੀਤੀ ਹੈ।
ਲਾਕਡਾਊਨ ’ਚ ਕੱਢਿਆ ਸੀ ਗੀਤ ‘ਕਿੱਥੋਂ ਆਇਆ ਕੋਰੋਨਾ’
ਦੱਸਣਯੋਗ ਹੈ ਕਿ ਨਰਿੰਦਰ ਚੰਚਲ ਨੇ ਜਗਰਾਤਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਨਾ ਸਿਰਫ ਸ਼ਾਸਤਰੀ ਸੰਗੀਤ ’ਚ ਆਪਣਾ ਨਾਂ ਬਣਾਇਆ ਹੈ, ਸਗੋਂ ਲੋਕ ਸੰਗੀਤ ’ਚ ਵੀ ਉਨ੍ਹਾਂ ਦੀ ਕਿਤੇ ਵੀ ਬਰਾਬਰੀ ਨਹੀਂ ਹੈ। ਲਾਕਡਾਊਨ ’ਚ ਆਇਆ ਉਨ੍ਹਾਂ ਦਾ ਗੀਤ ‘ਕਿੱਥੋਂ ਆਇਆ ਕੋਰੋਨਾ’ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।
ਮਾਂ ਹੀ ਸੀ ਨਰਿੰਦਰ ਚੰਚਲ ਦੀ ਪਹਿਲੀ ਗੁਰੂ
ਨਰਿੰਦਰ ਚੰਚਲ ਨੇ ਬਚਪਨ ਤੋਂ ਹੀ ਆਪਣੀ ਮਾਂ ਕੈਲਾਸ਼ਵਤੀ ਨੂੰ ਮਾਤਾ ਰਾਣੀ ਦੇ ਭਜਨ ਗਾਉਂਦੇ ਸੁਣਿਆ। ਮਾਂ ਦੇ ਭਜਨਾਂ ਨੂੰ ਸੁਣ-ਸੁਣ ਕੇ ਉਨ੍ਹਾਂ ਨੂੰ ਵੀ ਸੰਗੀਤ ਦਾ ਚਸਕਾ ਲੱਗ ਗਿਆ। ਨਰਿੰਦਰ ਚੰਚਲ ਦੀ ਪਹਿਲੀ ਗੁਰੂ ਉਨ੍ਹਾਂ ਦੀ ਮਾਂ ਹੀ ਸੀ। ਇਸ ਤੋਂ ਬਾਅਦ ਚੰਚਲ ਨੇ ਪ੍ਰੇਮ ਤ੍ਰਿਖਾ ਤੋਂ ਸੰਗੀਤ ਸਿੱਖਿਆ। ਨਰਿੰਦਰ ਚੰਚਲ ਦਾ ‘ਬੌਬੀ’ ਫ਼ਿਲਮ ਤੋਂ ਗੀਤ ‘ਬੇਸ਼ੱਕ ਮੰਦਿਰ ਮਸਜਿਦ ਤੋੜੋ’ ਬਹੁਤ ਮਕਬੂਲ ਹੋਇਆ ਸੀ।
‘ਚਲੋ ਬੁਲਾਵਾ ਆਇਆ ਹੈ’ ਨੇ ਰਾਤੋਂ-ਰਾਤ ਕੀਤਾ ਮਸ਼ਹੂਰ
‘ਬੌਬੀ’ ਤੋਂ ਬਾਅਦ ਨਰਿੰਦਰ ਚੰਚਲ ਨੇ ਕਈ ਫ਼ਿਲਮਾਂ ’ਚ ਗੀਤ ਗਾਏ ਪਰ ਉਨ੍ਹਾਂ ਨੂੰ ਪਛਾਣ ਮਿਲੀ ਫ਼ਿਲਮ ‘ਅਵਤਾਰ’ ’ਚ ਗਾਏ ਮਾਤਾ ਦੇ ਭਜਨ ‘ਚਲੋ ਬੁਲਾਵਾ ਆਇਆ ਹੈ’ ਤੋਂ, ਜਿਸ ਨੇ ਰਾਤੋਂ-ਰਾਤ ਉਨ੍ਹਾਂ ਨੂੰ ਮਸ਼ਹੂਰ ਬਣਾ ਦਿੱਤਾ। ਨਰਿੰਦਰ ਚੰਚਲ ਨੇ ਕਰੀਅਰ ਦੀ ਸ਼ੁਰੂਆਤ ’ਚ ਕੁਝ ਸਮਾਂ ਡ੍ਰਾਈਕਲੀਨਰ ਦੀ ਦੁਕਾਨ ’ਤੇ ਵੀ ਕੰਮ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।