ਪੰਜਾਬ ''ਚ ਨਾਰਕੋ ਟੈਰੇਰਿਜ਼ਮ ਦਾ ਪਹਿਲਾ ਮਾਮਲਾ, ਹਿਜ਼ਬੁਲ ਮੁਜ਼ਾਹਿਦੀਨ ਦੇ 2 ਹੋਰ ਅੱਤਵਾਦੀ ਗ੍ਰਿਫਤਾਰ

Saturday, May 09, 2020 - 08:28 PM (IST)

ਅੰਮ੍ਰਿਤਸਰ (ਸੰਜੀਵ)— ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਇਸ਼ਾਰੇ 'ਤੇ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਫੈਲਾਅ ਰਹੇ ਰਣਜੀਤ ਸਿੰਘ ਨਿਵਾਸੀ ਕਲਾਨੌਰ ਅਤੇ ਜਸਵੰਤ ਸਿੰਘ ਨਿਵਾਸੀ ਦੂਲੇਨੰਗਲ ਨੂੰ ਸ਼ੁੱਕਰਵਾਰਕਮਿਸ਼ਨਰੇਟ ਪੁਲਸ ਨੇ ਗੁਰਦਾਸਪੁਰ ਤੋਂ ਗ੍ਰਿਫਤਾਰ ਕਰ ਲਿਆ।

ਇਨ੍ਹਾਂ ਦੋਵੇਂ ਅੱਤਵਾਦੀਆਂ ਨੂੰ ਬਾਅਦ ਦੁਪਹਿਰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ 4 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ, ਜਦਕਿ 25 ਅਪ੍ਰੈਲ ਨੂੰ ਗ੍ਰਿਫਤਾਰ ਕੀਤੇ ਗਏ ਹਿਜ਼ਬੁਲ ਮੁਜ਼ਾਹਿਦੀਨ ਦੇ ਪੰਜਾਬ ਕਮਾਂਡਰ ਅਹਿਮਦ ਵਾਗੀ ਨੂੰ 29 ਲੱਖ ਦੀ ਡਰੱਗ ਮਨੀ ਦੇ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਪੁਲਸ ਨੇ ਪੁੱਛਗਿਛ ਤੋਂ ਬਾਅਦ ਉਸ ਦੇ 2 ਹੋਰ ਸਾਥੀਆਂ ਵਿਕਰਮ ਸਿੰਘ ਵਿੱਕੀ ਅਤੇ ਮਨਿੰਦਰ ਸਿੰਘ ਮਨੀ ਨੂੰ 32 ਲੱਖ ਰੁਪਏ ਦੀ ਡਰੱਗ ਮਨੀ ਨਾਲ ਫੜਿਆ ਸੀ।

ਪੰਜਾਬ ਪੁਲਸ ਹੁਣ ਤਕ ਹਿਜ਼ਬੁਲ ਮੁਜ਼ਾਹਿਦੀਨ ਦੇ ਪੰਜਾਬ ਕਮਾਂਡਰ ਅਹਿਮਦ ਵਾਗੇ ਸਮੇਤ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਸ ਤੋਂ ਇਹ ਅਹਿਮ ਖੁਲਾਸਾ ਹੋਇਆ ਹੈ ਕਿ ਇਹ ਨਾਰਕੋ ਟੈਰੇਰਿਜ਼ਮ ਦਾ ਪੰਜਾਬ 'ਚ ਪਹਿਲਾ ਮਾਮਲਾ ਹੈ। ਹਿਜ਼ਬੁਲ ਮੁਜ਼ਾਹਿਦੀਨ ਦੇ ਇਹ ਦੋਵੇਂ ਅੱਤਵਾਦੀ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਡਰੱਗ ਸਪਲਾਈ ਕਰ ਰਹੇ ਸਨ ਅਤੇ ਉਸ ਪੈਸੇ ਨਾਲ ਹਥਿਆਰ ਖਰੀਦੇ ਜਾ ਰਹੇ ਸਨ। ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ 5 ਅੱਤਵਾਦੀਆਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਥੇ ਇਹ ਦੱਸਣਯੋਗ ਹੈ ਕਿ ਭਾਰਤੀ ਫੌਜ ਨੇ ਬੀਤੇ ਦਿਨ ਇਕ ਮੁਕਾਬਲੇ ਦੌਰਾਨ ਜੰਮੂ-ਕਸ਼ਮੀਰ 'ਚ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਰਿਆਜ਼ ਅਹਿਮਦ ਨਾਇਕੂ ਨੂੰ ਢੇਰ ਕਰ ਦਿੱਤਾ ਸੀ। ਪੁਲਸ ਰਿਮਾਂਡ ਦੌਰਾਨ ਇਨ੍ਹਾਂ ਪੰਜ ਅੱਤਵਾਦੀਆਂ ਕੋਲੋਂ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਛੇਤੀ ਹੀ ਇਨ੍ਹਾਂ ਨਾਲ ਜੁੜੇ ਕਈ ਹੋਰ ਅੱਤਵਾਦੀਆਂ ਦੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।


shivani attri

Content Editor

Related News