ਗੜ੍ਹਾ ''ਚ ਨਾਜਾਇਜ਼ ਬਿਲਡਿੰਗ ਡੇਗਣ ਪਹੁੰਚੀ ਨਿਗਮ ਟੀਮ ਸੀਲ ਲਾ ਕੇ ਪਰਤੀ

Thursday, Apr 05, 2018 - 06:25 AM (IST)

ਗੜ੍ਹਾ ''ਚ ਨਾਜਾਇਜ਼ ਬਿਲਡਿੰਗ ਡੇਗਣ ਪਹੁੰਚੀ ਨਿਗਮ ਟੀਮ ਸੀਲ ਲਾ ਕੇ ਪਰਤੀ

ਜਲੰਧਰ, (ਖੁਰਾਣਾ)— ਗੜ੍ਹਾ ਇਲਾਕੇ ਦੇ ਕਾਂਗਰਸੀ ਕੌਂਸਲਰ ਪ੍ਰਭਦਿਆਲ ਭਗਤ ਦੀ ਸ਼ਿਕਾਇਤ 'ਤੇ ਮੇਅਰ ਜਗਦੀਸ਼ ਰਾਜਾ ਨੇ ਕੱਲ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਗੜ੍ਹਾ ਦੇ ਦਯਾਨੰਦ ਚੌਕ ਨੇੜੇ ਨਾਜਾਇਜ਼ ਤੌਰ 'ਤੇ ਬਣ ਰਹੀਆਂ ਮਲਟੀ ਸਟੋਰੀ ਬਿਲਡਿੰਗਾਂ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਅਤੇ ਬਗੈਰ ਨਕਸ਼ਾ ਪਾਸ ਕਰਵਾਏ ਬਣੀਆਂ  ਇਨ੍ਹਾਂ ਬਿਲਡਿੰਗਾਂ ਨੂੰ ਤੋੜ ਦੇਣ ਲਈ ਕਿਹਾ ਸੀ। ਨਿਗਮ ਕਮਿਸ਼ਨਰ ਦੇ ਆਰਡਰ ਪ੍ਰਾਪਤ ਕਰਨ ਤੋਂ ਬਾਅਦ ਏ. ਟੀ. ਪੀ. ਲਖਬੀਰ ਸਿੰਘ ਅਤੇ ਬਿਲਡਿੰਗ ਇੰਸਪੈਕਟਰ ਸੁਸ਼ਮਾ ਦੁੱਗਲ ਦੀ ਅਗਵਾਈ ਵਿਚ ਬਿਲਡਿੰਗ ਵਿਭਾਗ ਦੀ ਟੀਮ ਅੱਜ ਬਿਲਡਿੰਗਾਂ ਨੂੰ ਡੇਗਣ ਗੜ੍ਹਾ ਪਹੁੰਚੀ ਪਰ ਨਿਗਮ ਟੀਮ ਦੇ ਆਉਣ ਤੋਂ ਸੂਚਨਾ ਪਹਿਲਾਂ ਹੀ ਮਿਲ ਜਾਣ ਕਾਰਨ ਬਿਲਡਿੰਗ ਮਾਲਕ ਨੇ ਨਾਜਾਇਜ਼ ਬਿਲਡਿੰਗ ਨੂੰ ਜਾਂਦੇ ਰਸਤੇ ਨੂੰ ਹੀ ਤਾਲਾ ਲਾ ਦਿੱਤਾ। ਅਜਿਹੇ ਵਿਚ ਨਿਗਮ ਟੀਮ ਨੇ ਉਸ 'ਤੇ ਆਪਣਾ ਤਾਲਾ ਲਾ ਕੇ ਸੀਲ ਲਾ ਦਿੱਤੀ।
ਜ਼ਿਕਰਯੋਗ ਹੈ ਕਿ ਪੰਜਾਬ ਸਵੀਟਸ ਸ਼ਾਪ ਨੇੜੇ ਪੈਂਦੇ ਖਾਲੀ ਪਲਾਟ 'ਚ ਫਰੰਟ ਦੁਕਾਨਾਂ ਬਣੀਆਂ ਹੋਈਆਂ ਸਨ। ਇਹ ਦੁਕਾਨਾਂ ਵੀ ਨਾਜਾਇਜ਼ ਤੌਰ 'ਤੇ ਬਣੀਆਂ ਸਨ ਪਰ ਬਾਅਦ ਵਿਚ ਇਨ੍ਹਾਂ ਨੂੰ ਰੈਗੂਲਰ ਕਰਵਾ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਇਕ ਦੁਕਾਨ ਦੀ ਪਿਛਲੀ ਕੰਧ ਤੋੜ ਕੇ ਪਲਾਟ ਨੂੰ ਜਾਂਦਾ ਰਸਤਾ ਬਣਾ ਲਿਆ ਗਿਆ ਸੀ। 
ਦੁਕਾਨ ਦੇ ਪਿੱਛੇ ਨਾਜਾਇਜ਼ ਉਸਾਰੀ ਕਈ ਮਹੀਨੇ ਚੱਲਦੀ ਰਹੀ ਅਤੇ 3 ਮੰਜ਼ਿਲਾ ਦੁਕਾਨ ਬਣ ਗਈ। ਇਕ ਹੋਰ ਦੁਕਾਨ ਨੂੰ ਦੋ ਮੰਜ਼ਿਲਾ ਬਣਾ ਲਿਆ ਗਿਆ। ਨਿਗਮ ਨੂੰ ਜਦੋਂ ਇਨ੍ਹਾਂ ਨਾਜਾਇਜ਼ ਉਸਾਰੀਆਂ ਬਾਰੇ ਪਤਾ ਲੱਗਾ ਤਾਂ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ। 
ਜ਼ਿਕਰਯੋਗ ਹੈ ਕਿ ਇਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਕਾਂਗਰਸੀ ਕੌਂਸਲਰ ਪ੍ਰਭਦਿਆਲ ਅਤੇ ਬਿਲਡਿੰਗ ਇੰਸਪੈਕਟਰ ਸੁਸ਼ਮਾ ਦੁੱਗਲ ਵਿਚ ਬਹਿਸ ਤੱਕ ਹੋਈ, ਜਿਸ ਦਾ ਮੇਅਰ ਨੇ ਬੁਰਾ ਮੰਨਿਆ ਅਤੇ ਅਧਿਕਾਰੀਆਂ ਨੂੰ ਕੌਂਸਲਰਾਂ ਦੀ ਇੱਜ਼ਤ ਕਰਨ ਲਈ ਕਿਹਾ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨੂੰ ਤੂਲ ਦਿੱਤਾ ਜਾ ਸਕਦਾ ਹੈ।


Related News