ਕੋਰੋਨਾ ਦੀ ਟੀਕਾਕਰਨ ਮੁਹਿੰਮ ''ਚ ਕਪੂਰਥਲਾ ਜ਼ਿਲ੍ਹੇ ਦਾ ਇਹ ਪਿੰਡ ਰਿਹਾ ਮੋਹਰੀ
Thursday, Apr 29, 2021 - 05:22 PM (IST)
ਬੇਗੋਵਾਲ (ਰਜਿੰਦਰ) : ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਸਰਕਾਰ ਵਲੋਂ 45 ਸਾਲ ਤੋਂ ਉੱਪਰ ਦੇ ਲੋਕਾਂ ਲਈ ਚਲਾਈ ਗਈ ਟੀਕਾਕਰਨ ਮੁਹਿੰਮ ’ਚੋਂ ਹਲਕਾ ਭੁਲੱਥ ਦਾ ਪਿੰਡ ਨੰਗਲ ਲੁਬਾਣਾ ਕਪੂਰਥਲਾ ਜਿਲ੍ਹੇ ’ਚੋਂ ਮੋਹਰੀ ਸਾਬਿਤ ਹੋਇਆ ਹੈ। ਦੱਸ ਦੇਈਏ ਕਿ ਪਿੰਡ ਦੀ ਕੁੱਲ ਆਬਾਦੀ 5234 ਹੋਣ ਕਰਕੇ ਇਹ ਪਿੰਡ ਸੀ. ਐੱਚ. ਸੀ. ਬੇਗੋਵਾਲ ਦਾ ਸਭ ਤੋਂ ਵੱਡਾ ਪਿੰਡ ਹੈ। ਇਸ ਵਿਚ 1334 ਲਾਭਪਾਤਰੀ 45 ਸਾਲ ਤੋਂ ਉੱਪਰ ਦੀ ਉਮਰ ਦੇ ਹਨ, ਜਿਨ੍ਹਾਂ ’ਚੋਂ 1213 ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਸਰਕਾਰੀ ਹਸਪਤਾਲ ਬੇਗੋਵਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨਪ੍ਰੀਤ ਕੌਰ ਸੇਖੋਂ, ਉਨ੍ਹਾਂ ਦੀ ਵੈਕਸੀਨੇਸ਼ਨ ਟੀਮ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 1213 ਲੋਕਾਂ ਦੀ ਵੈਕਸੀਨੇਸ਼ਨ ਕੀਤੀ ਗਈ ਜੋ ਕਿ ਇਕ ਬਹੁਤ ਵੱਡੀ ਉਪਲਬੱਧੀ ਹੈ। ਜਿਸ ਬਾਰੇ ਡਾ. ਕਿਰਨਪ੍ਰੀਤ ਕੌਰ ਸੇਖੋਂ ਨੇ ਦਸਿਆ ਕਿ ਵੈਕਸੀਨੇਸ਼ਨ ਤੋਂ ਬਾਅਦ ਕਿਸੇ ਵੀ ਲਾਭਪਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਈ। ਉਨ੍ਹਾਂ ਸਫਲ ਵੈਕਸੀਨੇਸ਼ਨ ਕੈਂਪ ਲਈ ਸੀ. ਐੱਚ. ਸੀ. ਬੇਗੋਵਾਲ ਅਤੇ ਪਿੰਡ ਦੇ ਲੋਕਾਂ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦਾ ਕਹਿਣਾ ਹੈ ਕਿ 45 ਸਾਲ ਤੋਂ ਉਪਰ ਦੀ ਉਮਰ ਦੀ ਕੋਰੋਨਾ ਵੈਕਸੀਨੇਸ਼ਨ ਵਿਚੋਂ ਸਬ ਡਵੀਜ਼ਨ ਭੁਲੱਥ ਦਾ ਪਿੰਡ ਨੰਗਲ ਲੁਬਾਣਾ ਜਿਲ੍ਹੇ ਭਰ ਵਿਚੋਂ ਮੋਹਰੀ ਰਿਹਾ ਹੈ ਅਤੇ ਬਾਕੀਆਂ ਨੂੰ ਵੀ ਇਸ ਪਿੰਡ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ‘ਛੋਟੇ ਅਪਰਾਧਾਂ ’ਚ ਜੂਨ ਤਕ ਨਾ ਹੋਵੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ’ : ਚੀਫ਼ ਜਸਟਿਸ
ਵੈਕਸੀਨੇਸ਼ਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਵੈਕਸੀਨੇਸ਼ਨ ਕਰਵਾਉਣ ਵਾਲੇ ਲੋਕਾਂ ਦੀ ਵੀ ਹੌਂਸਲਾ ਅਫਜ਼ਾਈ ਵੀ ਕੀਤੀ ਹੈ ਤੇ ਉਨ੍ਹਾਂ ਨੂੰ ਕੋਵਿਡ ਤੋਂ ਬਚਣ ਦੇ ਸਾਰੇ ਪ੍ਰੋਟੋਕੋਲ ਫਾਲੋ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦਾ ਇਸ ਤਰ੍ਹਾਂ ਦਾ ਸਹਿਯੋਗ ਕੋਵਿਡ ਦੇ ਪਸਾਰੇ ਨੂੰ ਰੋਕਣ ’ਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਸਰਪੰਚ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਦੂਜਿਆਂ ਨੂੰ ਟੀਕਾਕਰਣ ਲਈ ਉਤਸਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਕਪੂਰਥਲਾ ’ਚ 96 ਹਜ਼ਾਰ 594 ਲੋਕ ਵੈਕਸੀਨ ਲਗਵਾ ਚੁੱਕੇ ਹਨ, ਜਿਨ੍ਹਾਂ ਵਿਚੋਂ ਸੀਨੀਅਰ ਸਿਟੀਜ਼ਨ ਨਾਗਰਿਕਾਂ ਦੀ ਗਿਣਤੀ 66 ਹਜ਼ਾਰ 112 ਹੈ। ਜ਼ਿਕਰਯੋਗ ਹੈ ਕਿ ਨੰਗਲ ਲੁਬਾਣਾ ਵਿਖੇ ਵੈਕਸੀਨੇਸ਼ਨ ਟੀਮ ਵਿਚ ਏ. ਐੱਨ. ਐੱਮ. ਪਰਮਿੰਦਰ ਕੌਰ, ਬੀ. ਈ. ਈ. ਨੀਤੂ, ਆਸ਼ਾ ਫੈਸੀਲੀਟੇਟਰ ਅਨੂਪ ਲਤਾ ਸ਼ਾਮਲ ਸਨ।
ਇਹ ਵੀ ਪੜ੍ਹੋ : ਕੋਰੋਨਾ ਖਿਲਾਫ਼ ਲੜਾਈ ’ਚ ਕੈਪਟਨ ਦੀ ਹਾਲਤ ‘ਬੂਹੇ ਖੜ੍ਹੀ ਜੰਞ, ਵਿੰਨ੍ਹੋ ਕੁੜੀ ਦੇ ਕੰਨ’ ਵਰਗੀ : ਅਸ਼ਵਨੀ ਸ਼ਰਮਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ