ਨੰਗਲ ਡੈਮ ਤੋਂ ਬਜ਼ੁਰਗ ਬੀਬੀ ਨੇ ਮਾਰੀ ਸਤਲੁਜ ਦਰਿਆ ’ਚ ਛਾਲ

Saturday, Sep 03, 2022 - 06:10 PM (IST)

ਨੰਗਲ ਡੈਮ ਤੋਂ ਬਜ਼ੁਰਗ ਬੀਬੀ ਨੇ ਮਾਰੀ ਸਤਲੁਜ ਦਰਿਆ ’ਚ ਛਾਲ

ਨੰਗਲ (ਗੁਰਭਾਗ ਸਿੰਘ) : ਨੰਗਲ ਭਾਖੜਾ ਨਹਿਰ ਵਿਚ ਅਤੇ ਨੰਗਲ ਡੈਮ ’ਤੋਂ ਲੋਕਾਂ ਵੱਲੋਂ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਕੜੀ ਤਹਿਤ ਪਿੰਡ ਕਲਸੇੜਾ ਦੀ ਬਜ਼ੁਰਗ ਔਰਤ ਕ੍ਰਿਸ਼ਣਾ ਦੇਵੀ (87) ਵੱਲੋਂ ਨੰਗਲ ਡੈਮ ਤੋਂ ਸਤਲੁਜ ਦਰਿਆ ਵਿਚ ਛਾਲ ਮਾਰ ਦਿੱਤੀ ਗਈ। ਮੌਕੇ ’ਤੇ ਮੌਜੂਦ ਪੰਜਾਬ ਹੋਮਗਾਰਡ ਦੇ ਜਵਾਨ ਰਾਜ ਕੁਮਾਰ ਅਤੇ ਇਕ ਹੋਰ ਮੋਨੂ ਨਾਮ ਦੇ ਨੌਜਵਾਨ ਵੱਲੋਂ ਉਕਤ ਔਰਤ ਨੂੰ ਸਤਲੁਜ ਦਰਿਆ ਵਿਚੋਂ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਟ੍ਰੈਫਿਕ ਮੁਲਾਜ਼ਮ ਹਰਜਾਪ ਸਿੰਘ ਵੱਲੋਂ ਵੀ ਸਤਲੁਜ ਦਰਿਆ ’ਚ ਰੱਸੀ ਸੁੱਟ ਕੇ ਅਤੇ ਇਕ ਵੱਡੀ ਟਿਊਬ ਸੁੱਟ ਕੇ ਗੋਤਾਖੋਰਾਂ ਦੀ ਮਦਦ ਕੀਤੀ ਗਈ। ਸ਼ਾਇਦ ਨੰਗਲ ਡੈਂਮ ਪੁੱਲ ਤੋਂ ਸਤਲੁਜ ਦਰਿਆ ਦੀ ਕਰੀਬ 150 ਫੁੱਟ ਉਚਾਈ ਕਰਕੇ ਮਦਦਕਰਤਾ ਕਾਮਯਾਬ ਨਾ ਹੋ ਸਕੇ। ਐਂਬੂਲੈਂਸ ਰਾਹੀਂ ਜਦੋਂ ਉਕਤ ਬਜ਼ੁਰਗ ਨੂੰ ਨੰਗਲ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮੌਕੇ ’ਤੇ ਮੌਜੂਦ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਅੱਜ ਸਵੇਰੇ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਨਿਕਲ ਆਈ ਸੀ ਅਤੇ ਪਤਾ ਨਹੀਂ ਕਿਵੇਂ ਉਹ ਨੰਗਲ ਡੈਮ ’ਤੇ ਪਹੁੰਚ ਗਈ। ਮਾਤਾ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਵੀ ਰਹਿੰਦੀ ਸੀ। ਪਤਾ ਨਹੀਂ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਹਸਪਤਾਲ ਸਟਾਫ ਵੱਲੋਂ ਮਾਮਲਾ ਨੰਗਲ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਤੇ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਹੋਮਗਾਰਡ ਇੰਚਾਰਜ ਯੋਗੇਸ਼ ਕੁਮਾਰ ਨੇ ਕਿਹਾ ਕਿ ਬਰਸਾਤ ਦੇ ਚੱਲਦਿਆਂ ਨੰਗਲ ਦੇ ਗੋਤਾਖੋਰਾਂ ਦੀ ਡਿਊਟੀ ਰੋਪੜ ਲਗਾਈ ਗਈ ਹੈ। 


author

Gurminder Singh

Content Editor

Related News