ਫਿਲਮ ਦੇ ਪ੍ਰਸਾਰਣ ''ਤੇ ਰੋਕ ਲਗਾਉਣ ਦੀ ਮੰਗ

Tuesday, Apr 03, 2018 - 11:52 AM (IST)

ਰੂਪਨਗਰ (ਵਿਜੇ)— ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਪਾਬੰਦੀ ਲਗਾਏ ਜਾਣ ਨੂੰ ਲੈ ਕੇ ਗੁਰਮਤਿ ਵਿਚਾਰ ਮੰਚ ਪੰਜਾਬ ਦੀ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮਤਿ ਵਿਚਾਰ ਮੰਚ ਦੇ ਕਨਵੀਨਰ ਨਿਰਮਲ ਸਿੰਘ ਲੋਦੀਮਾਜਰਾ, ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲ ਅਤੇ ਕੁਲਵਿੰਦਰ ਸਿੰਘ ਆਸਰੋਂ ਨੇ ਦੱਸਿਆ ਕਿ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਪਿਛਲੇ ਕਈ ਸਾਲਾਂ ਤੋਂ ਪਾਬੰਦੀ ਲੱਗੀ ਹੋਈ ਹੈ, ਜਿਸ ਨੂੰ ਦੁਬਾਰਾ ਚਾਲੂ ਕੀਤੇ ਜਾਣ ਨੂੰ ਲੈ ਕੇ ਸਿੱਖ ਸੰਗਤ 'ਚ ਰੋਸ ਹੈ। ਗੁਰੂ ਸਾਹਿਬਾਨ ਦੇ ਸਬੰਧ 'ਚ ਅਤੇ ਉਨ੍ਹਾਂ ਦੇ ਨਜ਼ਦੀਕੀ ਸਮੇਂ ਦੀਆਂ ਇਤਿਹਾਸਕ ਸ਼ਖਸੀਅਤਾਂ ਦਾ ਫਿਲਮੀ ਮੰਚਨ ਦੀ ਆਗਿਆ ਸਿੱਖ ਸਿਧਾਂਤਾਂ 'ਚ ਨਹੀਂ ਹੈ। ਜੇਕਰ ਅਜਿਹਾ ਕਰਨ ਤੋਂ ਨਾ ਰੋਕਿਆ ਗਿਆ ਤਾਂ ਸਿੱਖ ਗੁਰੂਆਂ ਦੇ ਸਬੰਧ 'ਚ ਗਲੀਆਂ ਤੱਕ 'ਚ ਨਾਟਕ ਖੇਡੇ ਜਾਣੇ ਸ਼ੁਰੂ ਹੋ ਜਾਣਗੇ, ਜੋ ਨਾਸਹਿਣਯੋਗ ਹੈ। 
ਇਸ ਸਬੰਧ 'ਚ ਐੱਸ. ਜੀ. ਪੀ. ਸੀ. ਨੂੰ ਵੀ ਯੋਗ ਕਾਰਵਾਈ ਅਮਲ 'ਚ ਲਿਆਂਦੀ ਜਾਣੀ ਚਾਹੀਦੀ ਹੈ, ਨਹੀਂ ਤਾਂ ਸਿੱਖ ਸਿਧਾਂਤਾਂ ਨੂੰ ਲੈ ਕੇ ਸਥਿਤੀ ਖਰਾਬ ਹੋ ਸਕਦੀ ਹੈ। ਉਨ੍ਹਾਂ ਨੇ ਫਿਲਮ ਦੇ ਪ੍ਰੋਡਿਊਸਰਾਂ ਤੋਂ ਵੀ ਮੰਗ ਕੀਤੀ ਕਿ ਫਿਲਮ ਦੇ ਪ੍ਰਸਾਰਣ ਨੂੰ ਲੈ ਕੇ ਰੋਕ ਲਾਈ ਜਾਵੇ। ਇਸ ਮੌਕੇ ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਰਜਿੰਦਰ ਸਿੰਘ ਰਾਜੂ, ਸੰਤੋਖ ਸਿੰਘ, ਹਰਿੰਦਰਪਾਲ ਸਿੰਘ, ਜਗਦੀਸ਼ ਸਿੰਘ ਅਤੇ ਰਾਮ ਗੋਪਾਲ ਵੀ ਮੌਜੂਦ ਸਨ।


Related News