13 ਅਪ੍ਰੈਲ ਨੂੰ ਫਿਲਮ 'ਨਾਨਕ ਸ਼ਾਹ ਫਕੀਰ' ਰਿਲੀਜ਼ ਮੌਕੇ SGPC ਦੇ ਸਮੂਹ ਅਦਾਰੇ ਰਹਿਣਗੇ ਬੰਦ : ਲੌਂਗੋਵਾਲ

Thursday, Apr 12, 2018 - 06:08 PM (IST)

13 ਅਪ੍ਰੈਲ ਨੂੰ ਫਿਲਮ 'ਨਾਨਕ ਸ਼ਾਹ ਫਕੀਰ' ਰਿਲੀਜ਼ ਮੌਕੇ SGPC ਦੇ ਸਮੂਹ ਅਦਾਰੇ ਰਹਿਣਗੇ ਬੰਦ : ਲੌਂਗੋਵਾਲ

ਅੰਮ੍ਰਿਤਸਰ (ਸੁਮਿਤ ਖੰਨਾ)— ਵਿਵਾਦਤ ਫਿਲਮ 'ਨਾਨਕ ਸ਼ਾਹ ਫਕੀਰ' ਜਾਰੀ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਨਾਲ ਸੰਬੰਧਤ ਸਮੂਹ ਅਦਾਰੇ 13 ਅਪ੍ਰੈਲ ਨੂੰ ਬੰਦ ਰਹਿਣਗੇ। ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਰੋਕ ਲਗਾਉਣ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਪਰ ਅਦਾਲਤ ਵੱਲੋਂ ਇਸ 'ਤੇ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਦੇ ਰਿਲੀਜ਼ ਹੋਣ 'ਤੇ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰੇ 13 ਅਪ੍ਰੈਲ ਨੂੰ ਬੰਦ ਰੱਖੇ ਜਾਣਗੇ। ਉਨ੍ਹਾਂ ਨੇ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸਮੁੱਚੀਆਂ ਸੰਗਤਾਂ 13 ਅਪ੍ਰੈਲ ਨੂੰ ਕਾਲੇ ਰੰਗ ਦੀਆਂ ਦਸਤਾਰਾਂ ਅਤੇ ਦੁਪੱਟੇ ਲੈ ਕੇ ਫਿਲਮ ਪ੍ਰਤੀ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਨ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਪੰਜ ਸਿੰਘ ਸਾਹਿਬਾਨ ਦੀ ਅੱਜ ਹੋਈ ਇਕੱਤਰਤਾ ਸਬੰਧੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਦੀ ਪਾਬੰਦ ਹੈ।


Related News