ਤਰਨਤਾਰਨ-ਬਠਿੰਡਾ ਹਾਈਵੇ ’ਤੇ ਦੋ ਕਾਰਾਂ ਦੀ ਟੱਕਰ ’ਚ ਨਨਾਣ ਭਰਜਾਈ ਦੀ ਮੌਤ

11/10/2019 6:47:23 PM

ਤਰਨਤਾਰਨ (ਰਮਨ)-ਅੱਜ ਦੁਪਹਿਰ ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ਦੌਰਾਨ ਨਨਾਣ ਭਰਜਾਈ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਦੋਂ ਕਿ ਇਸ ਹਾਦਸੇ ’ਚ ਚਾਰ ਵਿਅਕਤੀ ਜ਼ਖਮੀ ਹੋ ਗਏ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਹਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਆਪਣੀ ਭੈਣ ਕੁਲਜੀਤ ਕੌਰ (26) (ਜਿਸ ਦਾ ਅੱਜ ਜਨਮ ਦਿਨ ਸੀ) ਅਤੇ ਭਰਜਾਈ ਕੁਲਦੀਪ ਕੌਰ ਪਤਨੀ ਅਮਰਜੀਤ ਸਿੰਘ ਸਮੇਤ 6 ਮਹੀਨੇ ਦੀ ਛੋਟੀ ਬੱਚੀ ਸਾਰੇ ਨਿਵਾਸੀ ਪਿੰਡ ਚੰਬਲ (ਤਰਨਤਾਰਨ) ਆਲਟੋ ਕਾਰ ’ਚ ਸਵਾਰ ਹੋ ਕੇ ਬਰਥਡੇ ਕੇਕ ਲੈ ਕੇ ਤਰਨਤਾਰਨ ਤੋਂ ਪਿੰਡ ਚੰਬਲ ਜਾ ਰਹੇ ਸਨ ਕਿ ਜਦੋਂ ਕਾਰ ਤਰਨਤਾਰਨ ਤੋਂ ਬਠਿੰਡਾ ਨੈਸ਼ਨਲ ਹਾਈਵੇ 54 ਦੇ ਪਿੰਡ ਅਲਾਦੀਨਪੁਰ ਕੋਲ ਪੁੱਜੀ ਤਾਂ ਹਰੀਕੇ ਵਾਲੀ ਸਾਈਡ ਤੋਂ ਤੇਜ਼ ਰਫਤਾਰ ਆ ਰਹੀ ਸਵਿਫਟ ਕਾਰ, ਜਿਸ ਨੂੰ ਕੁਲਜਿੰਦਰ ਸਿੰਘ ਚਲਾ ਰਿਹਾ ਸੀ, ਦੀ ਕਾਰ ਦਾ ਅਚਾਨਕ ਟਾਇਰ ਫਟਣ ਕਾਰਣ ਕਾਰ ਹਾਈਵੇ ਦੇ ਦੂਸਰੇ ਪਾਸੇ ਆ ਵੱਜੀ।

ਇਸ ਜ਼ਬਰਦਸਤ ਟੱਕਰ ਦੌਰਾਨ ਆਲਟੋ ਕਾਰ ਸਵਾਰ ਕੁਲਜੀਤ ਕੌਰ (ਨਨਾਣ) ਅਤੇ ਕੁਲਦੀਪ ਕੌਰ (ਭਰਜਾਈ) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਡਰਾਈਵਰ ਹਰਪਾਲ ਸਿੰਘ ਅਤੇ ਛੋਟੀ 6 ਮਹੀਨੇ ਦੀ ਬੱਚੀ ਜ਼ਖਮੀ ਹੋ ਗਏ, ਜਦੋਂ ਕਿ ਸਵਿਫਟ ਕਾਰ ਚਾਲਕ ਕੁਲਜਿੰਦਰ ਸਿੰਘ ਸਮੇਤ ਉਸ ਦੀ ਮਾਤਾ ਅਤੇ ਇਕ ਮਹਿਲਾ ਰਿਸ਼ਤੇਦਾਰ ਮਾਮੂਲੀ ਜ਼ਖਮੀ ਹੋ ਗਏ। ਏ.ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਜੀਤ ਕੌਰ ਦਾ ਅੱਜ ਜਨਮ ਦਿਨ ਸੀ, ਜਿਸ ਸਬੰਧੀ ਉਹ ਸ਼ਹਿਰ ਆਪਣੇ ਭਰਾ ਅਤੇ ਭਰਜਾਈ ਨਾਲ ਖਰੀਦਦਾਰੀ ਕਰਨ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਗੁਰੂ ਨਾਨਕ ਦੇਵ ਮਲਟੀਸਪੈਸ਼ਲਟੀ ਹਸਪਤਾਲ ਦੇ ਡੈੱਡ ਰੂਮ ’ਚ ਰਖਵਾ ਦਿੱਤਾ ਗਿਆ ਹੈ, ਜਿਨ੍ਹਾਂ ਦਾ ਸੋਮਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਹੇਠ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Sunny Mehra

Content Editor

Related News