ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 2 ਦੇਸੀ ਪਿਸਤੌਲਾਂ, 9 ਕਾਰਤੂਸਾਂ ਤੇ ਕਾਰ ਸਮੇਤ 3 ਕਾਬੂ
Monday, May 10, 2021 - 01:39 AM (IST)
ਨਕੋਦਰ,(ਪਾਲੀ, ਰਜਨੀਸ਼)- ਥਾਣਾ ਸਦਰ ਪੁਲਸ ਨੇ ਨਕੋਦਰ-ਜਲੰਧਰ ਹਾਈਵੇ ’ਤੇ ਕੀਤੀ ਨਾਕਾਬੰਦੀ ਦੌਰਾਨ ਸਫਾਰੀ ਸਵਾਰ ਤਿੰਨ ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਮੁਖੀ ਵਿਨੋਦ ਕੁਮਾਰ ਦੀ ਅਗਵਾਈ ਵਿਚ ਐੱਸ. ਆਈ. ਮਨਜੀਤ ਸਿੰਘ ਅਤੇ ਐੱਸ . ਆਈ. ਇੰਦਰਜੀਤ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਨਕੋਦਰ-ਜਲੰਧਰ ਹਾਈਵੇ ’ਤੇ ਪਿੰਡ ਕੰਗ ਸਾਹਬੂ ਨੇੜੇ ਕੀਤੀ ਨਾਕਾਬੰਦੀ ਦੌਰਾਨ ਬੈਰੀਕੇਡ ਲਗਾ ਕੇ ਵ੍ਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਤਾਂ ਤਾਂ ਨਕੋਦਰ ਵੱਲੋਂ ਇਕ ਸਫਾਰੀ ਗੱਡੀ ਨੰਬਰ ਪੀ. ਬੀ. 08 ਸੀ ਡੀ-9070 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਸਫਾਰੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਪਾਰਟੀ ਨੇ ਬੈਰੀਕੇਡ ਅੱਗੇ ਕਰ ਕੇ ਸਫਾਰੀ ਨੂੰ ਰੋਕ ਕੇ ਤਿੰਨਾਂ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਜੋਗਰਾਜ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵੀਰ ਸਿੰਘ ਅਤੇ ਰਜਤ ਉਰਫ ਜੱਜੀ ਪੁੱਤਰ ਸੁਰਜੀਤ ਸਿੰਘ ਤਿੰਨੇ ਵਾਸੀਆਂ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਜੋਗਰਾਜ ਸਿੰਘ ਉਰਫ ਜੋਗਾ ਕੋਲੋਂ ਇਕ ਦੇਸੀ ਪਿਸਤੌਲ (ਕੱਟਾ) 315 ਬੋਰ, 2 ਰੌਂਦ ਜ਼ਿੰਦਾ 315 ਬੋਰ ਅਤੇ ਤਿੰਨ ਰੌਂਦ ਜ਼ਿੰਦਾ 32 ਬੋਰ, ਗੁਰਪ੍ਰੀਤ ਸਿੰਘ ਉਰਫ ਗੋਪੀ ਕੋਲੋਂ 4 ਕਾਰਤੂਸ 12 ਬੋਰ ਜ਼ਿੰਦਾ ਅਤੇ ਰਜਤ ਉਰਫ ਜੱਜੀ ਕੋਲੋਂ ਇਕ ਪਿਸਤੌਲ 30 ਬੋਰ ਅਤੇ ਸਮੇਤ ਮੈਗਜ਼ੀਨ ਬਰਾਮਦ ਕਰ ਕੇ ਸਫਾਰੀ ਨੂੰ ਜ਼ਬਤ ਕਰ ਕੇ ਉਕਤ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਖੇ ਆਰਮਜ਼ ਐਕਟ 25, 54, 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁਲਜ਼ਮ 3 ਦਿਨਾਂ ਦੇ ਪੁਲਸ ਰਿਮਾਂਡ ’ਤੇ
ਥਾਣਾ ਸਦਰ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤੇ ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ 3 ਦਿਨਾਂ ਦਾ ਰਿਮਾਂਡ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਜੋਗਰਾਜ ਸਿੰਘ ਉਰਫ ਜੋਗਾ ਖ਼ਿਲਾਫ਼ ਪਹਿਲਾਂ ਵੀ ਦਰਜ ਹਨ 9 ਪਰਚੇ
ਥਾਣਾ ਮੁਖੀ ਨੇ ਦੱਸਿਆ ਕਿ ਨਾਜਾਇਜ਼ ਦੇਸੀ ਪਿਸਤੌਲ ਅਤੇ ਰੌਂਦ ਸਮੇਤ ਕਾਬੂ ਕੀਤੇ ਜੋਗਰਾਜ ਸਿੰਘ ਉਰਫ ਜੋਗਾ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਜ਼ਿਲਿਆਂ ਦੇ ਥਾਣਿਆਂ ਵਿਚ ਲਗਭਗ 9 ਪਰਚੇ ਦਰਜ ਹਨ।