ਨਾਇਬ ਤਹਿਸੀਲਦਾਰ ਝਬਾਲ ''ਤੇ ਰਿਸ਼ਵਤ ਲੈਣ ਦਾ ਦੋਸ਼

Saturday, Jan 20, 2018 - 07:52 AM (IST)

ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ, ਭਾਟੀਆ, ਨਰਿੰਦਰ)- ਬਹੁ-ਚਰਚਿਤ ਸਬ-ਤਹਿਸੀਲ ਝਬਾਲ ਦੇ ਨਾਇਬ ਤਹਿਲਸੀਲਦਾਰ ਜਗਮੋਹਨ ਸਿੰਘ ਉਪਰ ਆਪਣੇ ਡਰਾਈਵਰ ਰਾਹੀਂ ਕਿਸਾਨਾਂ ਕੋਲੋਂ ਕੰਮ ਕਰਵਾਉਣ ਬਦਲੇ ਮੋਟੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਰਿਸ਼ਵਤ ਲੈਣ ਦੇ ਮਾਮਲੇ 'ਚ ਰੋਸ ਵਜੋਂ ਸ਼ੁੱਕਰਵਾਰ ਨੂੰ ਸਬ-ਤਹਿਸੀਲ ਝਬਾਲ 'ਚ ਜਦੋਂ ਲੋਕਾਂ ਦਾ ਵੱਡਾ ਜਮਵਾੜਾ ਲੱਗਣ 'ਤੇ ਭਾਰੀ ਹੰਗਾਮਾ ਹੋ ਗਿਆ ਤਾਂ ਜ਼ਿਲਾ ਪ੍ਰਸ਼ਾਸਨ ਤੋਂ ਪੁੱਜੇ ਏ. ਡੀ. ਸੀ. ਸੰਦੀਪ ਰਿਸ਼ੀ, ਐੱਸ. ਡੀ. ਐੱਮ. ਤਰਨਤਾਰਨ ਮੈਡਮ ਅਮਨਦੀਪ ਕੌਰ, ਡੀ. ਐੱਸ. ਪੀ. ਸਤਨਾਮ ਸਿੰਘ ਵੱਲੋਂ ਦਖਲ ਤੋਂ ਬਾਅਦ ਮਾਮਲੇ ਦੀ ਨਜ਼ਾਕਤ ਨੂੰ ਵੇਖਦਿਆਂ ਨਾਇਬ ਤਹਿਸੀਲਦਾਰ ਜਗਮੋਹਨ ਸਿੰਘ ਅਤੇ ਉਸ ਦੇ ਡਰਾਈਵਰ ਗੁਰਜਿੰਦਰ ਸਿੰਘ ਉਰਫ ਗੋਲਡੀ ਨੂੰ ਥਾਣਾ ਝਬਾਲ ਦੀ ਪੁਲਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਤੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ।
ਓਧਰ ਮੌਕੇ 'ਤੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਲੜਕੇ ਡਾ. ਸੰਦੀਪ ਅਗਨੀਹੋਤਰੀ ਵੀ ਪੁੱਜੇ, ਜਿਨ੍ਹਾਂ ਨੇ ਤਹਿਸੀਲਦਾਰ ਵੱਲੋਂ ਕਿਸਾਨਾਂ ਤੋਂ ਜਾਇਜ਼ ਕੰਮ ਬਦਲੇ ਰਿਸ਼ਵਤ ਲੈਣ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਮੌਕੇ ਸਰਪੰਚ ਮੋਨੂੰ ਚੀਮਾ, ਦੁਕਾਨਦਾਰ ਯੂਨੀਅਨ ਝਬਾਲ ਦੇ ਪ੍ਰਧਾਨ ਰਿੰਕੂ ਛੀਨਾ, ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਬੰਟੀ ਸ਼ਰਮਾ, ਮਾਇਕਲ ਝਬਾਲ, ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਸਾਗਰ ਸ਼ਰਮਾ, ਰਾਮ ਸਿੰਘ ਨਾਮਧਾਰੀ, ਜੱਗਾ ਸਵਰਗਾਪੁਰੀ, ਬਲਜੀਤ ਸਿੰਘ ਝਬਾਲ ਖੁਰਦ ਨੇ ਵੀ ਨਾਇਬ ਤਹਿਸੀਲਦਾਰ ਵਿਰੁੱਧ ਭ੍ਰਿਸ਼ਟਾਚਾਰ ਐਕਟ ਅਧੀਨ ਕੇਸ ਦਰਜ ਕਰਨ ਮੰਗ ਕੀਤੀ।


Related News