ਸ਼ਹਿਰ ਦੀਆਂ ਸੜਕਾਂ, ਬਾਗ, ਜਿੰਮ ਤੇ ਖੇਡ ਸਹੂਲਤਾਂ ਲਈ 38 ਕਰੋੜ ਰੁਪਏ ਦੇ ਕੰਮਾਂ ਨੂੰ ਹਰੀ ਝੰਡੀ
Monday, Dec 01, 2025 - 12:17 PM (IST)
ਮੋਹਾਲੀ (ਰਣਬੀਰ) : ਨਗਰ ਨਿਗਮ ਮੋਹਾਲੀ ਨੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਲਈ ਵੱਡਾ ਕਦਮ ਚੁੱਕਦਿਆਂ ਕਰੀਬ 38 ਕਰੋੜ ਦੇ 72 ਤੋਂ ਵੱਧ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਨਿਗਮ ਦੀ ਫਾਈਨਾਂਸ ਐਂਡ ਕਾਂਟ੍ਰੈਕਟਸ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ। ਮੀਟਿੰਗ ਦੌਰਾਨ ਵਾਰਡਾਂ ’ਚ ਬੁਨਿਆਦੀ ਵਿਕਾਸ ਦੇ ਕੰਮਾਂ ਦੀ ਵਿਆਪਕ ਸੂਚੀ ਰੱਖੀ ਗਈ, ਜਿਸ ’ਚ ਸੜਕਾਂ ਦੀ ਰੀਕਾਰਪੇਟਿੰਗ, ਪ੍ਰੀਮਿਕਸ, ਹਾਰਟੀਕਲਚਰ, ਪਾਰਕ ਸੁੰਦਰਤਾ ਕਰਣ, ਗਾਰਡਨ ਜਿੰਮ, ਬੈਡਮਿੰਟਨ ਅਤੇ ਬਾਸਕਟਬਾਲ ਕੋਰਟ, ਮਾਰਕੀਟ ਮੁਰੰਮਤ, ਨਿਕਾਸੀ ਤੇ ਪਾਣੀ ਸਹੂਲਤਾਂ ਨੂੰ ਉੱਚ ਪੱਧਰ ’ਤੇ ਅਪਗਰੇਡ ਕਰਨ ਵਾਲੇ ਪ੍ਰਾਜੈਕਟ ਸ਼ਾਮਲ ਸਨ। ਸਭ ਮੈਂਬਰਾਂ ਦੀ ਸਹਿਮਤੀ ਨਾਲ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਪ੍ਰਾਪਤ ਹੋਈ।
ਮੀਟਿੰਗ ’ਚ ਸਭ ਤੋਂ ਵੱਡਾ ਫੰਡ ਸੜਕਾਂ ਤੇ ਮੁੱਖ ਰਸਤੇ ਲਈ ਜਾਰੀ ਕੀਤਾ ਗਿਆ। ਵੱਖ-ਵੱਖ ਵਾਰਡਾਂ ’ਚ ਪ੍ਰੀਮਿਕਸ, ਰੀਕਾਰਪੇਟਿੰਗ, ਕੇਰਬ, ਚੈਨਲ, ਸਾਇਡ ਟਾਇਲਾਂ, ਡਰੇਨਜ ਤੇ ਰੋਡ ਫਰਨੀਚਰ ਸੰਭਾਲ ਲਈ ਕਈ ਟੈਂਡਰ ਪਾਸ ਕੀਤੇ ਗਏ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਦੀਆਂ ਸੜਕਾਂ ਨੂੰ ਅੰਤਰਰਾਸ਼ਟਰੀ ਮਿਆਰ ਦੇ ਅਨੁਸਾਰ ਬਣਾਉਣਾ ਨਿਗਮ ਦੀ ਪ੍ਰਾਥਮਿਕਤਾ ਹੈ ਅਤੇ ਲੋਕਾਂ ਨੂੰ ਖਰਾਬ, ਟੁੱਟੀ ਜਾਂ ਅਧੂਰੀਆਂ ਸੜਕਾਂ ਤੋਂ ਮੁਕਤੀ ਮਿਲੇਗੀ। ਮੀਟਿੰਗ ’ਚ ਖੇਡ ਸਹੂਲਤਾਂ ਨੂੰ ਵਧਾਉਣ ਲਈ ਵੱਖਰੇ ਕੋਸ਼ ਦੀ ਮਨਜ਼ੂਰੀ ਦਿੱਤੀ ਗਈ। ਸ਼ਹਿਰ ਦੇ ਕਈ ਪਾਰਕਾਂ ’ਚ ਖੁਲੇ ਜਿੰਮ, ਯੋਗਾ ਸ਼ੈੱਡ, ਬੈਡਮਿੰਟਨ ਤੇ ਬਾਸਕਟਬਾਲ ਕੋਰਟ ਬਣਾਏ ਜਾਣਗੇ। ਇਸ ਪੜਾਅ ਨੂੰ ਜਵਾਨੀ ਤੇ ਸੀਨੀਅਰ ਸਿਟੀਜ਼ਨਾਂ ਦੀ ਸਿਹਤ ਤੇ ਮਨੋਰੰਜਨ ਨਾਲ ਜੋੜਿਆ ਗਿਆ ਹੈ। ਫੇਜ਼-10 ਅਤੇ ਸੈਕਟਰ-68 ਦੀਆਂ ਮਾਰਕੀਟਾਂ ’ਚ ਫਰਸ਼ੀ ਕੰਮ, ਫੁੱਟਪਾਥ ਅਪਗਰੇਡ, ਲਾਈਟਿੰਗ ਤੇ ਹੋਰ ਮੁਰੰਮਤੀ ਕੰਮ ਲਈ ਲਗਭਗ 45 ਲੱਖ ਜਾਰੀ ਕੀਤੇ ਗਏ। ਨਿਗਮ ਨੇ ਮਾਰਕੀਟਾਂ ਦੇ ਪਿੱਛਲੇ ਹਿੱਸਿਆਂ ’ਚ ਵੀ ਟਾਇਲ ਤੇ ਡ੍ਰੇਨੇਜ਼ ਦੇ ਕੰਮ ਕਰਨ ਦਾ ਫ਼ੈਸਲਾ ਲਿਆ ਤਾਂ ਜੋ ਲੋਕਾਂ ਤੇ ਦੁਕਾਨਦਾਰਾਂ ਨੂੰ ਦਿੱਕਤ ਤੋਂ ਨਿਜਾਤ ਮਿਲ ਸਕੇ।
