ਨਗਰ ਨਿਗਮ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ 30 ਸਿਟੀ ਬੱਸਾਂ ਨੂੰ ਕਰਵਾਇਆ ਕੰਪਨੀ ਦੇ ਕਬਜ਼ੇ ਤੋਂ ਮੁਕਤ
Friday, Mar 08, 2024 - 04:09 PM (IST)

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਕਾਫੀ ਜੱਦੋ-ਜਹਿਦ ਤੋਂ ਬਾਅਦ 30 ਸਿਟੀ ਬੱਸਾਂ ਨੂੰ ਕੰਪਨੀ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਗਿਆ ਹੈ। ਭਾਵੇਂ ਇਹ ਬੱਸਾਂ ਚਾਲੂ ਹਾਲਤ ’ਚ ਵਾਪਸ ਕਰਨ ਦੀ ਸ਼ਰਤ ਨਗਰ ਨਿਗਮ ਵੱਲੋਂ ਕੰਪਨੀ ਨਾਲ ਕੀਤੇ ਗਏ ਐਗਰੀਮੈਂਟ ’ਚ ਦਰਜ ਹੈ ਪਰ ਇਨ੍ਹਾਂ ’ਚੋਂ 15 ਛੋਟੀਆਂ ਬੱਸਾਂ ਹੀ ਚਾਲੂ ਹਾਲਤ ’ਚ ਹਨ, ਜਦਕਿ 15 ਵੱਡੀਆਂ ਬੱਸਾਂ ਦੀ ਹਾਲਤ ਕਾਫੀ ਖ਼ਸਤਾ ਹੈ, ਜਿਨ੍ਹਾਂ ਬੱਸਾਂ ਦੀ ਰਿਪੇਅਰਿੰਗ ’ਤੇ ਆਉਣ ਵਾਲੇ ਖ਼ਰਚ ਦੀ ਭਰਪਾਈ ਕੰਪਨੀ ਨੂੰ ਕਰਨੀ ਹੋਵੇਗੀ। ਇਸ ਨੂੰ ਲੈ ਕੇ ਐਕਸੀਅਨ ਵਰਕਸ਼ਾਪ ਵੱਲੋਂ ਰਿਪੋਰਟ ਬਣਾ ਕੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਭੇਜ ਦਿੱਤੀ ਗਈ ਹੈ, ਜਿਸ ਦੇ ਆਧਾਰ ’ ਤੇ ਰਿਕਵਰੀ ਕਰਨ ਲਈ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਪਹਿਲਾਂ ਕੰਡਮ ਹੋ ਚੁੱਕੀਆਂ ਹਨ 37 ਬੱਸਾਂ
ਇਸ ਕੰਪਨੀ ਦੀ ਵਜ੍ਹਾ ਨਾਲ ਪਹਿਲਾਂ 37 ਬੱਸਾਂ ਕੰਡਮ ਹੋ ਚੁੱਕੀਆਂ ਹਨ। ਇਨ੍ਹਾਂ ਬੱਸਾਂ ਦੀ ਕੰਪਨੀ ਵੱਲੋਂ ਨਗਰ ਨਿਗਮ ਦੇ ਸਾਬਕਾ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਡਲਿਵਰੀ ਨਹੀਂ ਲਈ ਗਈ ਸੀ, ਜਿਨ੍ਹਾਂ ਬੱਸਾਂ ਨੂੰ ਰਿਪੇਅਰ ਕਰਵਾਉਣ ਲਈ ਕਾਫੀ ਦੇਰ ਤੱਕ ਫ਼ੈਸਲਾ ਨਹੀਂ ਕੀਤਾ ਗਿਆ। ਹੁਣ ਇਨਾਂ ਬੱਸਾਂ ਨੂੰ ਕੰਡਮ ਕਰ ਕੇ ਕੇਂਦਰ ਸਰਕਾਰ ਦੀ ਗਾਈਡਲਾਈਨਜ਼ ਮੁਤਾਬਕ ਆਨਲਾਈਨ ਸਿਸਟਮ ਜ਼ਰੀਏ ਵੇਚਣ ਦੀ ਪ੍ਰਕਿਰਿਆ ਚੱਲ ਰਹੀ ਹੈ।