ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ''ਤੇ ਵਿਸ਼ਾਲ ਨਗਰ ਕੀਰਤਨ ਸਜਾਇਆ

Sunday, Oct 29, 2017 - 07:04 AM (IST)

ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ''ਤੇ ਵਿਸ਼ਾਲ ਨਗਰ ਕੀਰਤਨ ਸਜਾਇਆ

ਸਿੱਧਵਾਂ ਬੇਟ  (ਚਾਹਲ) - ਵਿਸ਼ਵ ਪ੍ਰਸਿੱਧ ਨਾਨਕਸਰ ਸੰਪਰਦਾਇ ਦੇ ਬਾਨੀ, ਨਾਮ ਦੇ ਰਸੀਏ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ 147ਵੇਂ ਜਨਮ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਸ਼ੇਰਪੁਰ ਕਲਾਂ ਵਿਖੇ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਬਾਬਾ ਨੰਦ ਸਿੰਘ ਜੀ ਦੇ ਜਨਮ-ਅਸਥਾਨ ਤੋਂ ਸਵੇਰੇ ਰਵਾਨਾ ਹੋਇਆ, ਜੋ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਸਮੇਂ ਬਾਬਾ ਚਰਨ ਸਿੰਘ ਜੀ ਨੇ ਸੋਨੇ ਦੇ ਬਰਤਨਾਂ 'ਚ ਗੁਰੂ ਸਾਹਿਬ ਨੂੰ ਭੋਗ ਲਵਾਇਆ। ਜਨਮ ਅਸਥਾਨ ਦੇ ਸਰਪ੍ਰਸਤ ਬਾਬਾ ਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਆਯੋਜਿਤ ਇਸ ਮਹਾਨ ਨਗਰ ਕੀਰਤਨ 'ਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਇਕ ਬਹੁਤ ਹੀ ਆਲੀਸ਼ਾਨ ਅਲੌਕਿਕ ਰੱਥ ਰੂਪੀ ਸੋਨੇ ਦੀ ਪਾਲਕੀ 'ਚ ਸੁਸ਼ੋਭਿਤ ਕਰਕੇ ਵੱਖ-ਵੱਖ ਪੜਾਵਾਂ ਰਾਹੀਂ ਪੂਰੇ ਨਗਰ ਦੀ ਪਰਿਕਰਮਾ ਕੀਤੀ ਗਈ। ਸੰਗਤਾਂ ਵੱਲੋਂ ਰੱਬੀ ਬਾਣੀ ਦਾ ਜੱਸ ਗਾਇਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪੂਰੀ ਪਰਿਕਰਮਾ ਦੌਰਾਨ ਕੀਤੀ ਫੁੱਲਾਂ ਦੀ ਵਰਖਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ।
ਗਲੀਆਂ ਤੇ ਗੁਰਦੁਆਰਾ ਸਾਹਿਬ ਨੂੰ ਬਹੁਤ ਵਧੀਆ ਢੰਗ ਨਾਲ ਸਜਾ ਕੇ ਦੀਪਮਾਲਾ ਕੀਤੀ ਗਈ। ਇਸ ਸਮੇਂ ਸੰਗਤਾਂ ਦਾ ਉਮੜਿਆ ਜਨ-ਸੈਲਾਬ ਨਗਰ ਕੀਰਤਨ ਦੇ ਪਿੱਛੇ-ਪਿੱਛੇ 'ਬਾਬਾ ਨੰਦ ਸਿੰਘ ਜੀ ਹੋ ਰਹੀ ਹੈ ਤੇਰੀ ਜੈ-ਜੈ ਕਾਰ' ਜਪਦਾ ਚੱਲ ਰਿਹਾ ਸੀ। ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।
ਰਾਗੀ, ਢਾਡੀ, ਕਵੀਸ਼ਰਾਂ ਅਤੇ ਮਾਲੇਰਕੋਟਲੇ ਦੇ ਨਵਾਬਾਂ ਨੇ ਬਾਬਾ ਜੀ ਦੇ ਜੀਵਨ 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਸਮੇਂ ਬਾਬਾ ਚਰਨ ਸਿੰਘ ਜੀ ਨੇ ਸੰਗਤਾਂ ਨੂੰ ਬਾਬਾ ਨੰਦ ਸਿੰਘ ਜੀ ਦੇ ਵਚਨਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਬਾਬਾ ਨੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜਰ ਸਮਝ ਕੇ ਕੀਤੀ ਸੇਵਾ ਦੀ ਪੂਰੀ ਦੁਨੀਆ 'ਚ ਮਿਸਾਲ ਹੈ, ਅੱਜ ਸਾਨੂੰ ਉਨ੍ਹਾਂ ਦੁਆਰਾ ਦਿੱਤੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ। ਰਾਤ ਸਮੇਂ ਗੁਰਦੁਆਰਾ ਸਾਹਿਬ ਵਿਖੇ ਰੈਣ ਸਬਾਈ ਕੀਰਤਨ ਹੋਇਆ, ਜਿਸ 'ਚ ਅਨੇਕਾਂ ਮਹਾਪੁਰਸ਼ਾਂ ਨੇ ਪ੍ਰਵਚਨਾਂ ਰਾਹੀਂ ਅਤੇ ਰਾਗੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਰਾਤੀਂ 1.13 'ਤੇ ਬਾਬਾ ਜੀ ਦੇ ਜਨਮ ਸਮੇਂ ਫੌਜੀ ਬੈਂਡ ਰਾਹੀਂ ਸਲਾਮੀ ਦਿੱਤੀ ਗਈ ਅਤੇ ਹਜ਼ਾਰਾਂ ਆਤਿਸ਼ਬਾਜ਼ੀਆਂ ਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ।
ਇਸ ਮੌਕੇ ਸ. ਸਰਬਜੀਤ ਸਿੰਘ ਨੇ ਦੱਸਿਆ ਕਿ ਅਖੰਡ ਪਾਠਾਂ ਦੀ ਅੰਤਿਮ ਲੜੀ ਦੇ ਭੋਗ 29 ਅਕਤੂਬਰ ਨੂੰ ਪੈਣਗੇ। ਉਪਰੰਤ ਧਾਰਮਿਕ ਦੀਵਾਨਾਂ ਨਾਲ ਸਮਾਗਮਾਂ ਦੀ ਸਮਾਪਤੀ ਹੋਵੇਗੀ। ਇਸ ਸਮੇਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਪ੍ਰਦੀਪ ਕੁਮਾਰ, ਜਰਨੈਲ ਸਿੰਘ ਜੈਲੂ, ਗਗਨਦੀਪ ਸਿੰਘ ਤੂਰ, ਸੈਕਟਰੀ ਬੇਅੰਤ ਸਿੰਘ ਤੂਰ, ਸਰਪੰਚ ਸੁਖਵਿੰਦਰ ਕੌਰ, ਸੰਮਤੀ ਮੈਂਬਰ ਦਵਿੰਦਰ ਸਿੰਘ ਖੇਲਾ, ਜਗਦੇਵ ਸਿੰਘ ਖਾਲਸਾ, ਸਰਬਜੀਤ ਸਿੰਘ ਖਹਿਰਾ ਪੰਚ, ਸੁਖਦਰਸ਼ਨ ਸਿੰਘ ਹੈਪੀ, ਪੰਚ ਸਨਦੀਪ ਸਿੰਘ ਜੋਤੀ, ਪੰਚ ਜੋਰਾ ਸਿੰਘ, ਪੰਚ ਇੰਦਰ ਸਿੰਘ, ਪੰਚ ਤਰਨਜੀਤ ਸਿੰਘ, ਸਰਪੰਚ ਜਗਵਿੰਦਰ ਸਿੰਘ ਸਿਬੀਆ, ਸੁਖਦੇਵ ਸਿੰਘ ਤੂਰ, ਸੋਹਨ ਸਿੰਘ ਤੂਰ, ਪ੍ਰਧਾਨ ਸੁੱਖ ਸ਼ੇਰਪੁਰ, ਬਲਦੇਵ ਸਿੰਘ ਦਿਓਲ, ਗੁਵਿੰਦਰ ਸਿੰਘ ਗਿੰਦੀ, ਡਾ. ਹਰਚੰਦ ਸਿੰਘ ਤੂਰ, ਸੁਰਜੀਤ ਸਿੰਘ ਭੱਟੀ, ਭਗਵੰਤ ਸਿੰਘ ਤੂਰ, ਹਰਬੰਸ ਸਿੰਘ ਬੰਸਾ, ਜਗਤਾਰ ਸਿੰਘ ਦੁਬਈ, ਤੇਜਿੰਦਰ ਸਿੰਘ ਨੰਨੀ, ਅਜੀਤਪਾਲ ਸਿੰਘ ਖੇਲਾ ਆਦਿ ਹਾਜ਼ਰ ਸਨ।


Related News