ਨਾਭਾ ਦੇ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ, ਘਰਾਂ ਦੇ ਬਾਹਰ ਲਗਾਏ ਪਰਚੇ

Tuesday, Apr 23, 2019 - 04:24 PM (IST)

ਨਾਭਾ ਦੇ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ, ਘਰਾਂ ਦੇ ਬਾਹਰ ਲਗਾਏ ਪਰਚੇ

ਨਾਭਾ (ਜਗਨਾਰ,ਜੈਨ)— ਰਿਆਸਤੀ ਸਹਿਰ ਨਾਭਾ ਦੀ ਟੀਚਰ ਕਲੋਨੀ ਵਾਰਡ ਨੰ: 5 ਦੇ ਵਾਸੀਆਂ ਨੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਵੋਟ ਮੰਗਣ ਲਈ ਆਏ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕਾਂ ਦਾ ਵਾਰਡ ਵਾਸੀ ਕਿਸੇ ਵੀ ਤਰ੍ਹਾਂ ਦਾ ਸਵਾਗਤ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ 15 ਸਾਲਾਂ ਤੋਂ ਕਿਸੇ ਨੇ ਵੀ ਨਹੀਂ ਕੀਤਾ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ|ਵਾਰਡ ਨੰ: 5 ਹੀਰਾ ਮਹਿਲ ਦੇ ਵਾਸੀ ਇੰਦਰ ਮੋਹਣ, ਮੀਨਾਕਸੀ ਗੁਪਤਾ, ਕਮਲਜੀਤ ਕੌਰ, ਵਰਿੰਦਰ ਗੁਪਤਾ, ਰਾਜਨ ਗਰਗ ਆਦਿ ਨੇ ਕਿਹਾ ਕਿ ਅਸੀਂ ਇਹ ਫੈਸਲਾ ਕਲੋਨੀ ਵਾਸੀਆਂ ਨੇ ਸਰਬਸੰਮਤੀ ਨਾਲ ਕੀਤਾ ਹੈ ਕਿਉਂ ਜੋ ਸਾਡੀ ਕਲੋਨੀ ਦੇ ਵਾਸੀ ਪਿਛਲੇ ਲੰਮੇ ਸਮੇਂ ਤੋਂ ਬਿਨਾਂ ਬਰਸਾਤ ਕਾਰਨ ਸੜਕਾਂ ਤੇ ਖੜੇ ਪਾਣੀ ਤੋਂ ਦੁਖੀ ਹਨ, ਜਿਸ ਕਰਕੇ ਸਾਨੂੰ ਕਈ ਬਿਮਾਰੀਆਂ ਦਾ ਡਰ ਸਤਾਉਂਦਾ ਰਹਿੰਦਾ ਹੈ।

ਹੁਣ ਤੱਕ ਦੇ ਕਿਸੇ ਵੀ ਪ੍ਰਧਾਨ ਨੇ ਸਾਡੀ ਸਾਰ ਨਹੀਂ ਲਈ ਅਤੇ ਨਾ ਹੀ ਸਾਡੀ ਸਮੱਸਿਆ ਨੂੰ ਕੋਈ ਸੁਣਨ ਲਈ ਤਿਆਰ ਹੈ, ਜਿਸ ਕਰਕੇ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜਾਂ ਤਾਂ ਵੋਟ ਪਾਉਣ ਹੀ ਨਹੀਂ ਜਾਵਾਂਗੇ ਜੇ ਗਏ ਤਾਂ ਨੋਟਾਂ ਦਾ ਬਟਨ ਦਬਾਵਾਂਗੇ। ਇਸ ਸਬੰਧੀ ਜਦੋਂ ਨਗਰ ਕੌਸਲ ਦੇ ਮੌਜੂਦਾ ਪ੍ਰਧਾਨ ਰਜਨੀਸ ਮਿੱਤਲ ਸੈਂਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਹੁਣ ਦੀ ਨਹੀਂ ਸਗੋਂ ਪਿਛਲੇ ਲੰਮੇ ਸਮੇਂ ਦੀ ਹੈ ਅਤੇ ਇਹ ਮਸਲਾ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਸੜਕਾਂ ਬਣਾਉਣ ਅਤੇ ਪਾਣੀ ਦੀ ਨਿਕਾਸੀ ਲਈ ਗਰਾਂਟ ਜਾਰੀ ਕਰਵਾ ਕੇ ਟੈਂਡਰ ਲਗਾਏ ਗਏ ਹਨ, ਜੋ ਚੋਣ ਜਾਬਤਾ ਖਤਮ ਹੁੰਦਿਆਂ ਹੀ ਕੰਮ ਸ਼ੁਰੂ ਕਰਵਾ ਕੇ ਕਲੋਨੀ ਵਾਸੀਆਂ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਇਆ ਜਾਵੇਗਾ। ਇਸ ਮੌਕੇ ਵੱਡੀ  ਗਿਣਤੀ ਵਿੱਚ ਕਲੋਨੀ ਵਾਸੀ ਮੌਜੂਦ ਸਨ।


author

Shyna

Content Editor

Related News