ਨਾਭਾ ਜੇਲ ਅਧਿਕਾਰੀਆਂ ਨੂੰ ਭਾਜੜਾਂ ਪਾਉਣ ਵਾਲੇ ਦੀ ਖੁੱਲ੍ਹੀ ਪੋਲ (ਵੀਡੀਓ)
Sunday, Oct 06, 2019 - 10:33 AM (IST)
ਨਾਭਾ ( ਰਾਹੁਲ ) - ਨਾਭਾ ਦੀ ਮੈਕਸੀਮਮ ਸਕਿਊਰਿਟੀ ਜੇਲ 'ਚ ਚਿੱਠੀ ਭੇਜ ਕੇ ਜੇਲ ਅਧਿਕਾਰੀਆਂ ਨੂੰ ਭਾਜੜਾਂ ਪਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ 'ਤੇ ਅਹਿਮ ਖੁਲਾਸਾ ਕਰਦਿਆਂ ਜੇਲ ਸੁਪਰੀਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਇਹ ਕਾਰਨਾਮਾ ਜੇਲ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਸਵੀਰ ਨੇ ਇਸ ਸਾਰੇ ਡਰਾਮੇ ਨੂੰ ਤਰੱਕੀ ਨਾ ਹੋਣ ਦੇ ਚੱਲਦਿਆਂ ਅੰਜਾਮ ਦਿੱਤਾ ਸੀ। ਜੇਲ ਸੁਪਰੀਡੈਂਟ ਮੁਤਾਬਕ ਜਸਵੀਰ ਸਿੰਘ ਵਲੋਂ ਕੀਤੀ ਗਈ ਇਸ ਸਾਰੀ ਹਰਕਤ ਦੀ ਪੋਲ੍ਹ ਖੁੱਲ੍ਹਣ ਤੋਂ ਬਾਅਦ ਉਹ ਫਰਾਰ ਹੋ ਗਿਆ ਅਤੇ ਉੱਚ ਅਧਿਕਾਰੀਆਂ ਵਲੋਂ ਉਸ ਨੂੰ ਮਹਿਕਮੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ 24 ਅਕਤੂਬਰ,2019 ਨੂੰ ਜੇਲ ਅਧਿਕਾਰੀਆਂ ਨੂੰ ਇਕ ਚਿੱਠੀ ਮਿਲੀ ਸੀ, ਜਿਸ 'ਚ ਜੇਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਗਏ ਸਨ। ਮਿਲੀ ਇਸ ਚਿੱਠੀ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਜੇਲ 'ਚ ਕੈਦੀਆਂ ਵਲੋਂ ਇਕ ਸੁਰੰਗ ਪੁੱਟੀ ਜਾ ਰਹੀ ਹੈ ਤੇ ਮੋਬਾਇਲਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਚਿੱਠੀ 'ਚ ਲਿਖਿਆ ਸੀ ਕਿ ਕੁਝ ਕੈਦੀ ਜੇਲ 'ਚ ਕੁੱਕਰ ਬੰਬ ਵੀ ਬਣਾ ਰਹੇ ਹਨ, ਜਿਸ ਤੋਂ ਬਾਅਦ ਜੇਲ ਅਧਿਕਾਰੀਆਂ ਵਲੋਂ ਪੂਰੀ ਜੇਲ ਦਾ ਗੰਭੀਰਤਾ ਨਾਲ ਨਿਰੀਖਣ ਕੀਤਾ ਗਿਆ ਪਰ ਜੇਲ 'ਚੋਂ ਅਜਿਹਾ ਕੁਝ ਵੀ ਨਹੀਂ ਮਿਲਿਆ। ਅਜਿਹਾ ਕਾਰਨਾਮਾ ਕਰਨ ਦੇ ਦੋਸ਼ 'ਚ ਪੁਲਸ ਨੇ ਜਸਵੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।