ਨਾਭਾ ਮੰਡੀ ''ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

Monday, Oct 02, 2017 - 03:08 PM (IST)

ਨਾਭਾ ਮੰਡੀ ''ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

ਨਾਭਾ (ਭੁਪਿੰਦਰ ਭੂਪਾ)-ਖੇਤਰਫਲ ਪੱਖੋਂ ਏਸ਼ੀਆ ਦੀ ਵੱਡੀ ਗਿਣੀ ਜਾਂਦੀ ਨਾਭਾ ਮੰਡੀ 'ਚ ਸਰਕਾਰ ਵੱਲੋਂ ਰਵਾਇਤੀ ਤੌਰ 'ਤੇ ਸਰਕਾਰੀ ਖਰੀਦ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਰਜਨੀਸ਼ ਸ਼ੈਂਟੀ ਅਤੇ ਪੰਜਾਬ ਕਾਂਗਰਸ ਦੇ ਵਪਾਰ ਸੈੱਲ ਦੇ ਚੇਅਰਮੈਨ ਹਰੀ ਸੇਠ ਦੀ ਅਗਵਾਈ ਹੇਠ ਕਰ ਦਿੱਤੀ ਗਈ ਹੈ। ਇਸ ਮੌਕੇ ਦੋਵੇਂ ਆਗੂਆਂ ਵੱਲੋਂ ਕਿਸਾਨਾਂ ਨੂੰ ਸਾਂਝੇ ਤੌਰ 'ਤੇ ਅਪੀਲ ਕੀਤੀ ਗਈ ਕਿ ਕਿਸਾਨ ਆਪਣੀ ਸੁੱਕੀ ਫਸਲ ਨੂੰ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਖਰੀਦਦਾਰ ਅਤੇ ਆੜ੍ਹਤੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਪੇਸ਼ ਨਾ ਆਉਣ ਸਬੰਧੀ ਪ੍ਰਸ਼ਾਸਨਿਕ ਅਤੇ ਖਰੀਦ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕਿਸੇ ਨੂੰ ਫਿਰ ਵੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਮੰਡੀ ਬੋਰਡ ਦੇ ਅਧਿਕਾਰੀਆਂ ਜਾਂ ਐੱਸ. ਡੀ. ਐੱਮ. ਨਾਲ ਸੰਪਰਕ ਕਰ ਸਕਦਾ ਹੈ। 
ਇਸ ਮੌਕੇ ਨਾਭਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਲਾਲ ਗੁਪਤਾ, ਸੈਕਟਰੀ ਮਾਰਕੀਟ ਕਮੇਟੀ ਨਾਭਾ ਭਰਪੂਰ ਸਿੰਘ, ਸਿਕੰਦਰ ਸਿੰਘ ਦੰਦਰਾਲਾ ਢੀਂਡਸਾ ਆਦਿ ਕਿਸਾਨ ਅਤੇ ਆੜ੍ਹਤੀਆ ਭਾਈਚਾਰੇ ਦੇ ਆਗੂ ਵੀ ਮੌਜੂਦ ਸਨ।


Related News