ਲਾਰੈਂਸ ਬਿਸ਼ਨੋਈ, ਸੁੱਖਾ ਕਾਹਲੋਂ, ਰੌਮੀ ਹਾਂਗਕਾਂਗ, ਗੌਂਡਰ ਵਰਗਿਆਂ ਲਈ ਟ੍ਰੇਨਿੰਗ ਕੇਂਦਰ ਬਣੀ ਰਹੀ ਨਾਭਾ ਦੀ ਸਕਿਓਰਿਟੀ
Saturday, Jun 11, 2022 - 10:14 PM (IST)
ਨਾਭਾ (ਜੈਨ) : ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ ਉਦੋਂ ਵਿਸ਼ਵ ਭਰ ’ਚ ਪ੍ਰਸਿੱਧ ਹੋਈ, ਜਦੋਂ 27 ਨਵੰਬਰ 2016 ਨੂੰ ਦਿਨ-ਦਿਹਾੜੇ ਫਿਲਮੀ ਸਟਾਈਲ ’ਚ ਅੰਨੇਵਾਹ ਫਾਇਰਿੰਗ ਕਰਕੇ ਗੈਂਗਸਟਰਾਂ ਨੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਚੀਫ ਕਮਾਂਡਰ ਹਰਮਿੰਦਰ ਸਿੰਘ ਮਿੰਟੂ ਸਮੇਤ 6 ਗੈਂਗਸਟਰਾਂ/ਅੱਤਵਾਦੀਆਂ ਨੂੰ ਆਜ਼ਾਦ ਕਰਵਾ ਕੇ ਜੇਲ ਬ੍ਰੇਕ ਕੀਤੀ ਸੀ। ਮਿੰਟੂ ਦੀ 24 ਘੰਟੇ ’ਚ ਦਿੱਲੀ ਪੁਲਸ ਨੇ ਗ੍ਰਿਫ਼ਤਾਰੀ ਕਰ ਲਈ ਸੀ। ਬਾਅਦ ’ਚ ਉਸ ਦੀ ਜੇਲ ’ਚ ਮੌਤ ਹੋ ਗਈ ਸੀ, ਜਦੋਂ ਕਿ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਜੇਲ ਬ੍ਰੇਕ ਦੇ 66 ਮਹੀਨਿਆਂ ਬਾਅਦ ਵੀ ਜੇਲ ’ਚੋਂ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਅਜੇ ਤੱਕ ਪੁਲਸ ਦੀ ਪਕੜ ਤੋਂ ਦੂਰ ਹੈ। ਪ੍ਰੇਮਾ ਲਾਹੌਰੀਆ ਵੀ ਪੁਲਸ ਮੁਕਾਬਲੇ ’ਚ ਮਾਰਿਆ ਗਿਆ। ਗੈਂਗਸਟਰ ਗੋਪੀ ਘਨਸ਼ਿਆਮ ਪੁਲਸ ਪਕੜ ’ਚ ਨਹੀਂ ਆਇਆ ਪਰ ਯੂ. ਪੀ. ’ਚ ਕੁਦਰਤੀ ਮੌਤ ਮਰ ਗਿਆ। ਸੁਖਮੀਤ ਨੂੰ ਦੁਬਈ ਤੋਂ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਦਹਿਸ਼ਤ ਦਾ ਦੂਜਾ ਨਾਂ ਗੈਂਗਸਟਰ ਰਮਨਜੀਤ ਸਿੰਘ ਉਰਫ ਰੌਮੀ ਨੂੰ 17 ਫਰਵਰੀ 2018 ਨੂੰ ਹਾਂਗਕਾਂਗ ਪੁਲਸ ਨੇ ਡਕੈਤੀ ਕੇਸ ’ਚ ਗ੍ਰਿਫ਼ਤਾਰ ਕਰ ਲਿਆ ਸੀ (ਜਿਸ ਖ਼ਿਲਾਫ ਨਾਭਾ ਕੋਤਵਾਲੀ ’ਚ ਗੰਭੀਰ ਧਾਰਾਵਾਂ ਅਧੀਨ ਮਾਮਲਾ ਦਰਜ ਹੈ ਅਤੇ ਪੰਜਾਬ ਪੁਲਸ ਵੱਲੋਂ ਭਗੌੜ ਹੈ) ਪਰ ਪੰਜਾਬ ਪੁਲਸ ਅਜੇ ਤੱਕ ਇਥੇ ਨਹੀਂ ਲਿਆ ਸਕੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਲਾਰੈਂਸ ਬਿਸ਼ਨੋਈ ਵੀ ਇਥੇ 2006 ਤੇ 2007 ਵਿਚ ਜੇਲ ’ਚ ਰਿਹਾ। ਉਸ ਖ਼ਿਲਾਫ ਕੋਤਵਾਲੀ ’ਚ ਧਾਰਾ 307 ਆਈ. ਪੀ. ਸੀ. ਅਧੀਨ ਹੋਰ ਸੰਗੀਨ ਧਾਰਾਵਾਂ ਅਧੀਨ ਮਾਮਲੇ ਦਰਜ ਹੋਏ ਪਰ ਸਮੇਂ ਸਿਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਲਾਰੈਂਸ ਬਿਸ਼ਨੋਈ ਗ੍ਰਹਿ ਮੰਤਰਾਲੇ ਲਈ ਚੈਲੰਜ ਬਣਿਆ ਹੋਇਆ ਹੈ। ਟਾਰਗੇਟ ਕਿਲਿੰਗਜ਼ ’ਚ ਧਰਮਿੰਦਰ ਗੁਗਨੀ ਦੀ ਮਾਰਫਤ ਸ਼ੂਟਰ ਰਮਨਦੀਪ ਅਤੇ ਹੋਰਨਾਂ ਨੂੰ ਰੋਮੀ ਗੈਂਗਸਟਰ ਨੇ ਹੀ ਹਥਿਆਰ ਭੇਜੇ ਸਨ। ਹਾਲਾਂਕਿ ਵਿੱਕੀ ਅਤੇ ਧਰਮਿੰਦਰ ਵਿਚਕਾਰ 36 ਦਾ ਅੰਕੜਾ ਸੀ ਪਰ ਰੋਮੀ ਨੇ ਰੰਜ਼ਿਸ਼ ਖਤਮ ਕਰਵਾ ਕੇ ਪੰਜਾਬ ਦੇ 7 ਹਿੰਦੂ ਆਗੂਆਂ ਦੀ ਹੱਤਿਆ ਕਰਵਾਈ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਅੰਡਰਵਰਲਡ ਨਾਲ ਜੁੜੇ ਤਾਰ
ਮੈਕਸੀਮਮ ਸਕਿਓਰਿਟੀ ਜ਼ਿਲ੍ਹਾ ਜੇਲ ’ਚ ਪਹਿਲੀ ਵਾਰ 21 ਸਤੰਬਰ 2006 ਨੂੰ ਅੱਤਵਾਦੀ ਦਯਾ ਸਿੰਘ ਲਾਹੌਰੀਆ ਪਾਸੋਂ ਮੋਬਾਇਲ ਬਰਾਮਦ ਹੋਇਆ ਸੀ ਪਰ ਉਸ ਸਮੇਂ ਸਰਕਾਰ ਤੇ ਗ੍ਰਹਿ ਮੰਤਰਾਲੇ ਨੇ ਗੰਭੀਰਤਾ ਨਹੀਂ ਦਿਖਾਈ। ਮੋਬਾਇਲ ਬਰਾਮਦ ਕਰਨ ਵਾਲੇ ਤਤਕਾਲੀਨ ਡਿਪਟੀ ਸੁਪਰਡੈਂਟ ਜੰਗੀਰ ਸਿੰਘ ਨੂੰ ਤਬਦੀਲ ਕਰ ਦਿੱਤਾ ਗਿਆ ਸੀ, ਜਦੋਂ ਕਿ ਮੋਬਾਇਲ ਸਪਲਾਈ ਕਰਨ ਵਾਲੇ ਇਕ ਸਹਾਇਕ ਸੁਪਰਡੈਂਟ ਨੂੰ ਸਿਆਸਤਦਾਨਾਂ ਦੀ ਪਨਾਹ ਹੋਣ ਕਾਰਨ ਤਰੱਕੀ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਇਹ ਜੇਲ ਗੈਂਗਸਟਰਾਂ ਲਈ ਸੁਰੱਖਿਅਤ ਜੇਲ ਬਣ ਗਈ ਅਤੇ ਗੈਂਗਸਟਰਾਂ ਨੇ ਆਪਣਾ ਜਾਲ ਅੰਤਰਰਾਸ਼ਟਰੀ ਪੱਧਰ ’ਤੇ ਵਿਛਾਇਆ। ਦੋ ਦਰਜਨ ਤੋਂ ਵੱਧ ਗੰਭੀਰ ਮਾਮਲਿਆਂ ’ਚ ਨਾਮਜ਼ਦ ਖਤਰਨਾਕ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ ਖ਼ਿਲਾਫ ਇਥੇ ਕੋਤਵਾਲੀ ’ਚ ਮਾਮਲੇ ਦਰਜ ਹੋਏ। ਉਹ ਪਿਛਲੇ ਸਾਲ ਜੇਲ ’ਚੋਂ ਹੀ ਮੋਬਾਇਲ ਫੋਨ ’ਤੇ ਵੱਡਾ ਗੈਂਗ ਚਲਾ ਕੇ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਠੱਗੀਆਂ ਮਾਰਦਾ ਰਿਹਾ। ਰਾਜਾ ਖ਼ਿਲਾਫ 12 ਮਈ 2006 ਨੂੰ ਕਤਲ ਦਾ ਮਾਮਲਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ‘ਕੇਕੜਾ’ 11 ਦਿਨਾਂ ਦੇ ਰਿਮਾਂਡ ’ਤੇ, ਜਾਂਚ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ
ਗੈਂਗਸਟਰ ਕਾਲਾ ਧਨੌਲਾ ਵੀ ਚਰਚਾ ’ਚ ਰਿਹਾ। ਜੇਲ ’ਚ ਮੋਬਾਇਲ ਸਪਲਾਈ ਕਰਨ ਵਾਲੇ ਇਕ ਥਾਣੇਦਾਰ ਗੁਰਜਿੰਦਰ ਸਿੰਘ ਖ਼ਿਲਾਫ ਪਿਛਲੇ ਸਾਲ ਜੂਨ ’ਚ ਇਥੇ ਕੋਤਵਾਲੀ ’ਚ ਮਾਮਲਾ ਦਰਜ ਹੋਇਆ ਪਰ ਜੇਲ ਦੇ ਕਿਸੇ ਵੀ ਅਧਿਕਾਰੀ ਖ਼ਿਲਾਫ ਕਾਰਵਾਈ ਨਾ ਹੋਣ ਕਾਰਨ ਮੋਬਾਇਲ ਸਪਲਾਈ ਕਰਨ ਦਾ ਧੰਦਾ ਵੱਧਦਾ ਗਿਆ। ਹਰਿਆਨਵੀ ਗੈਂਗਸਟਰ ਅਮਨ ਪਾਸੋਂ ਇਸ ਜੇਲ ’ਚ 5 ਦਿਨਾਂ ’ਚ 2 ਵਾਰ ਮੋਬਾਇਲ ਪਿਛਲੇ ਸਾਲ ਜੂਨ ’ਚ ਬਰਾਮਦ ਹੋਏ। ਹਵਾਲਾਤੀ ਬਲਵਿੰਦਰ ਸਿੰਘ ਨੇ ਜੇਲ ’ਚੋਂ ਲਾਈਵ ਹੋ ਕੇ ਜੇਲ ਅਧਿਕਾਰੀਆਂ ’ਤੇ ਵੱਡੇ ਦੋਸ਼ ਲਾਏ ਪਰ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਜੇਲ ਅਧਿਕਾਰੀਆਂ ਨੂੰ ਕਲੀਨ ਚਿੱਟ ਮਿਲਦੀ ਰਹੀ। ਇਹੀ ਕਾਰਨ ਹੈ ਕਿ ਗੈਂਗਸਟਰ ਪੈਦਾ ਹੁੰਦੇ ਰਹੇ। ਹਵਾਲਾਤੀ ਗੌਰਵ ਸਿੰਘ ਦੇ ਪਰਿਵਾਰ ਨੇ ਜੇਲ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾਏ ਪਰ ਕਾਂਗਰਸ ਸਰਕਾਰ ਦੇ ਜੇਲ ਮੰਤਰੀ ਨੇ ਕੋਈ ਐਕਸ਼ਨ ਨਹੀਂ ਲਿਆ, ਜਿਸ ਕਾਰਨ ਗੈਂਗਸਟਰਾਂ ਦੇ ਹੌਂਸਲੇ ਵੱਧ ਗਏ। ਨਾਭਾ ਜੇਲ ’ਚ ਜਾਅਲੀ ਵੈੱਬਸਾਈਟ ਮਾਮਲਾ ਸਾਹਮਣੇ ਆਇਆ। ਗੈਂਗਸਟਰ ਜਾਅਲੀ ਆਈ. ਪੀ. ਐੱਸ. ਅਧਿਕਾਰੀ ਬਣ ਕੇ ਠੱਗੀ ਮਾਰਦੇ ਰਹੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ
ਇਥੇ ਕੋਤਵਾਲੀ ਪੁਲਸ ’ਚ ਸੰਗੀਨ ਧਾਰਾਵਾਂ ਅਧੀਨ ਮਾਮਲੇ ਦਰਜ ਹੋਏ। ਸੁੱਖਾ ਕਾਹਲਵਾਂ ਤੇ ਪਲਵਿੰਦਰ ਗੈਂਗਸਟਰ ਇਥੇ ਜੇਲ ’ਚ ਰਹੇ। ਤਿੰਨ ਸਾਲ ਪਹਿਲਾਂ ਇਥੇ ਨਵੀਂ ਜੇਲ ’ਚ ਮਹਿੰਦਰਪਾਲ ਬਿੱਟੂ (ਸੱਚਾ ਸੌਦਾ ਡੇਰਾ) ਦੀ ਹੱਤਿਆ ਹੋਈ। ਪਿਛਲੇ ਸਾਲ 7 ਅਕਤੂਬਰ ਨੂੰ ਹਵਾਲਾਤੀ ਸੁਖਜਿੰਦਰ ਸਿੰਘ ਦੀ ਇਕ ਹੋਰ ਹਵਾਲਾਤੀ ਨੇ ਹੀ ਹੱਤਿਆ ਕਰ ਦਿੱਤੀ। ਸਕਿਓਰਿਟੀ ਜੇਲ ’ਚ ਹਵਾਲਾਤੀ ਅਮਨਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਪਿਛਲੇ ਸਾਲ 8 ਅਕਤੂਬਰ ਨੂੰ ਕੀਤੀ ਸੀ। ਨਾਭਾ ਕੋਤਵਾਲੀ ’ਚ 100 ਤੋਂ ਵੱਧ ਮਾਮਲੇ ਪਿਛਲੇ 16 ਸਾਲਾਂ ਦੌਰਾਨ ਗੈਂਗਸਟਰਾਂ ਖ਼ਿਲਾਫ ਦਰਜ ਹੋਏ ਅਤੇ 300 ਤੋਂ ਵੱਧ ਮੋਬਾਇਲ ਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਪਰ ਕਿਸੇ ਵੀ ਮਾਮਲੇ ’ਚ ਗੰਭੀਰਤਾ ਨਹੀਂ ਦਿਖਾਈ ਗਈ, ਜਿਸ ਕਾਰਨ ਗੈਂਗਸਟਰਾਂ ਨੇ ਜੇਲ ਨੂੰ ਆਰਾਮ ਘਰ ਤੇ ਟ੍ਰੇਨਿੰਗ ਕੇਂਦਰ ਬਣਾ ਲਿਆ। ਅੱਜ ਦੇਸ਼ ਭਰ ’ਚ ਗੈਂਗਸਟਰਾਂ ਦਾ ਜਾਲ ਨਾਭਾ ਸਕਿਓਰਿਟੀ ਜੇਲ ਦੀ ਹੀ ਦੇਣ ਹੈ। ਪੰਜ ਮਹੀਨੇ ਪਹਿਲਾਂ ਸਥਾਨਕ ਸਕਿਓਰਟੀ ਜੇਲ ਦੇ 379 ਕੈਦੀਆਂ/ਹਵਾਲਾਤੀਆਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ ਸਮੇਤ 9 ਜੇਲਾਂ ’ਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਜੇਲ ’ਚ ਕਰੋੜਾਂ ਰੁਪਏ ਦਾ ਲੱਗਿਆ ਹੋਇਆ ਜੈਮਰ ਚਿੱਟਾ ਹਾਥੀ ਬਣ ਕੇ ਰਹਿ ਗਿਆ ਸੀ। ਲਾਰੈਂਸ ਬਿਸ਼ਨੋਈ, ਸੁੱਖਾ, ਰੌਮੀ ਹਾਂਗਕਾਂਗ, ਵਿੱਕੀ ਗੌਂਡਰ, ਰਾਜਾ, ਅਮਨ ਸਮੇਤ ਦੋ ਦਰਜਨ ਗੈਂਗਸਟਰਾਂ ਲਈ ਗੈਸਟ ਹਾਊਸ ਤੇ ਟ੍ਰੇਨਿੰਗ ਕੇਂਦਰ ਬਣੀ ਇਸ ਜੇਲ ਨੂੰ ਬਿਗਾੜ ਘਰ ਬਣਾਉਣ ਲਈ ਵੱਖ-ਵੱਖ ਸਰਕਾਰਾਂ ਦੇ ਜੇਲ ਮੰਤਰੀ ਤੇ ਕੁਝ ਸੀਨੀਅਰ ਅਧਿਕਾਰੀ ਵੀ ਜ਼ਿੰਮੇਵਾਰ ਹਨ। ਜੇਕਰ ਭਗਵੰਤ ਮਾਨ ਨਿਰਪੱਖ ਜਾਂਚ ਕਰਵਾਏ ਤਾਂ ਸਨਸਨੀਖੇਜ਼ ਇੰਕਸਾਫ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡੀ ਵਾਰਦਾਤ ਹੋਣ ਦੇ ਆਸਾਰ, ਕੇਂਦਰ ਦੇ ਅਲਰਟ ਤੋਂ ਬਾਅਦ ਵਧਾਈ ਗਈ ਸੁਰੱਖਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।