ਨਾਭਾ ਜੇਲ ਬ੍ਰੇਕ ਕਾਂਡ : ਸਾਜ਼ਿਸ਼ਕਰਤਾ ਰੋਮੀ ਨੂੰ ਹਾਂਗਕਾਂਗ ਤੋਂ ਲਿਆਉਣ ਦਾ ਰਸਤਾ ਸਾਫ਼
Wednesday, Nov 20, 2019 - 11:50 AM (IST)
ਪਟਿਆਲਾ (ਬਲਜਿੰਦਰ) – ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। ਹਾਂਗਕਾਂਗ ਦੀ ਇਕ ਅਦਾਲਤ ਨੇ ਪੰਜਾਬ ਪੁਲਸ ਦੇ ਹੱਕ ’ਚ ਫੈਸਲਾ ਕਰਦੇ ਹੋਏ ਰੋਮੀ ਨੂੰ ਪੰਜਾਬ ਪੁਲਸ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਪੁਲਸ ਲੰਬੇ ਸਮੇਂ ਤੋਂ ਰੋਮੀ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਏ. ਆਈ. ਜੀ. ਗੁਰਮੀਤ ਚੌਹਾਨ ਅਤੇ ਐੱਸ. ਪੀ. ਹਰਵਿੰਦਰ ਵਿਰਕ ਕੇਸ ਦੀ ਪੈਰਵੀ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਰੋਮੀ ਨੂੰ ਹਾਂਗਕਾਂਗ ਦੀ ਪੁਲਸ ਨੇ ਫਰਵਰੀ 2018 ’ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਸ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਕਿ ਰੋਮੀ ਨੂੰ ਪੰਜਾਬ ਪੁਲਸ ਦੇ ਹਵਾਲੇ ਕੀਤੇ ਜਾਵੇ ਤਾਂ ਜੋ ਨਾਭਾ ਜੇਲ ਬ੍ਰੇਕ ਕਾਂਡ ਦੀ ਹੋਰ ਅਹਿਮ ਜਾਣਕਾਰੀ ਬਾਰੇ ਪਤਾ ਲਾਇਆ ਜਾ ਸਕੇ। ਇਸ ਲਈ ਪੰਜਾਬ ਪੁਲਸ ਨੇ 1200 ਪੰਨਿਆਂ ਦੇ ਵੱਖ-ਵੱਖ ਸਬੂਤ ਹਾਂਗਕਾਂਗ ਦੀ ਅਦਾਲਤ ’ਚ ਪੇਸ਼ ਕੀਤੇ ਸਨ। ਹੁਣ ਹਾਂਗਕਾਂਗ ਪੁਲਸ ਨੇ ਰੋਮੀ ਨੂੰ ਪੁਲਸ ਦੇ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਹੈ। ਰੋਮੀ ਨੇ ਵਿਦੇਸ਼ ਤੋਂ ਹੀ ਗੈਂਗਸਟਰਾਂ ਨੂੰ ਲੱਖਾਂ ਦੀ ਫੰਡਿੰਗ ਕੀਤੀ ਸੀ।
ਦੱਸਣਯੋਗ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ 27 ਨਵੰਬਰ 2016 ਨੂੰ ਹੋਇਆ ਸੀ। ਇਸ ਵਿਚ ਨਾਮੀ ਗੈਂਗਸਟਰ ਅਤੇ ਅੱਤਵਾਦੀ ਫਰਾਰ ਹੋ ਗਏ ਸਨ। ਫਰਾਰ ਹੋਏ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਿਰਫ ਇਕ ਵਿਅਕਤੀ ਉਨ੍ਹਾਂ ਵਿਚੋਂ ਅਜੇ ਫਰਾਰ ਹੈ। ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਇਸ ਦੇ ਤਾਰ ਵਿਦੇਸ਼ਾਂ ਵਿਚ ਵੀ ਜੁਡ਼ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਰੋਮੀ ਨੇ ਹੀ ਨਾਭਾ ਜੇਲ ਬ੍ਰੇਕ ਕਾਂਡ ਲਈ ਗੈਂਗਸਟਰਾਂ ਨੂੰ ਫੰਡਿੰਗ ਕੀਤੀ ਸੀ।