ਸੂਬੇ ''ਚ ਸਵਾਈਨ ਫਲੂ ਦਾ ਕਹਿਰ, ਸਿਹਤ ਮੰਤਰੀ ਫਿਰ ਵੀ ਸੁੱਤੇ (ਵੀਡੀਓ)
Monday, Feb 04, 2019 - 02:05 PM (IST)
ਨਾਭਾ/ਸ੍ਰੀ ਮੁਕਤਸਰ ਸਾਹਿਬ(ਰਾਹੁਲ, ਤਰਸੇਮ)— ਪੰਜਾਬ ਵਿਚ ਸਵਾਇਨ ਫਲੂ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇਸ ਨਾਲ ਮੌਤਾਂ ਵੀ ਹੋ ਰਹੀਆਂ ਹਨ ਪਰ ਪੰਜਾਬ ਦਾ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਤਾਜ਼ਾ ਮਾਮਲਾ ਨਾਭਾ ਤੋਂ ਹੈ ਜਿੱਥੇ 34 ਸਾਲਾ ਨਰੇਸ਼ ਭਾਟੀਆ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਨੇ ਹਸਪਤਾਲ ਦੀ ਮਾੜੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ ਤੇ ਹਸਪਤਾਲ ਸਟਾਫ 'ਤੇ ਵੀ ਅਣਦੇਖੀ ਦੇ ਦੋਸ਼ ਲਗਾਏ ਹਨ।
ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ 'ਚ ਵੀ ਇਕ ਹੋਰ ਮੌਤ ਸਵਾਇਨ ਫਲੂ ਨਾਲ ਹੋਈ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਧਰਮ ਸਿੰਘ ਲਗਭਗ ਪਿਛਲੇ 10 ਦਿਨਾਂ ਤੋਂ ਬਿਮਾਰ ਚਲ ਰਹੇ ਸਨ ਜਿਨ੍ਹਾਂ ਦਾ ਇਲਾਜ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਚੱਲ ਰਿਹਾ ਸੀ ਅਤੇ ਉਥੇ ਹੀ ਇਨਾਂ ਦੀ ਮੌਤ ਹੋ ਗਈ। ਸੂਬੇ 'ਚ ਸਵਾਈਨ ਫਲੂ ਦੇ ਕਹਿਰ ਨਾਲ ਆਏ ਦਿਨੀਂ ਕਈ ਮੌਤਾਂ ਹੋ ਰਹੀਆਂ ਹਨ ਤੇ ਸਾਡੇ ਸਿਹਤ ਮੰਤਰੀ ਦੇ ਮੰਨੋ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਕਿਹਾ ਜਾਂਦਾ ਹੈ ਕਿ ਸਵਾਈਨ ਫਲੂ ਨਾਲ ਨਜਿੱਠਣ ਦੇ ਸਾਰੇ ਪ੍ਰਬੰਧ ਪੂਰੇ ਹਨ ਪਰ ਸਿਹਤ ਵਿਭਾਗ ਦੀਆਂ ਅਣਦੇਖੀਆਂ ਨਾਲ ਲਗਾਤਾਰ ਮੌਤਾਂ 'ਚ ਵਾਧਾ ਹੋ ਰਿਹਾ ਹੈ। ਹੁਣ ਲੋੜ ਹੈ ਸੁੱਤੀ ਸਰਕਾਰ ਨੂੰ ਜਾਗਣ ਦੀ ਤੇ ਹਸਪਤਾਲਾਂ 'ਤੇ ਸਖਤੀ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਸੁਧਾਰਨ ਦੀ।