ਸਿੰਘੂ ਬਾਰਡਰ 'ਤੇ ਕਤਲ ਕੀਤੇ ਲਖਬੀਰ ਦੀ ਪਤਨੀ ਦਾ ਦਾਅਵਾ, ਮੇਰਾ ਪਤੀ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ

Saturday, Oct 16, 2021 - 01:59 PM (IST)

ਝਬਾਲ/ਭਿੱਖੀਵਿੰਡ/ਖਾਲੜਾ, ਤਰਨਤਾਰਨ (ਨਰਿੰਦਰ, ਜ. ਬ., ਬਲਵਿੰਦਰ ਕੌਰ) : ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਪੁੱਤਰ ਹਰਨਾਮ ਸਿੰਘ ਨਿਵਾਸੀ ਚੀਮਾ ਤਰਨਤਾਰਨ ਨੂੰ ਬੇਅਦਬੀ ਮਾਮਲੇ ’ਚ ਨਿਹੰਗ ਸਿੱਖਾਂ ਵੱਲੋਂ ਗੁੱਟ ਤੇ ਲੱਤ ਵੱਢ ਕੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਸ ’ਤੇ ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰਦੀ ਕਿ ਉਸਦਾ ਪਤੀ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ ਹੈ। ਉਸ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਫਸਾਉਣ ਵਾਲੇ ਲੋਕਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸੱਚ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ। ‘ਜਗ ਬਾਣੀ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਜਸਪ੍ਰੀਤ ਕੌਰ ਨੇ ਦੱਸਿਆ ਕਿ ਮੇਰੀਆਂ ਤਿੰਨ ਕੁੜੀਆਂ ਹਨ। ਉਸ ਨੇ ਕਿਹਾ ਕਿ ਮੇਰਾ ਪਤੀ ਲਖਬੀਰ ਸਿੰਘ ਦਿਹਾੜੀ ਟੱਪੇ ਦਾ ਕੰਮ ਕਰਦਾ ਸੀ। ਘਰੇਲੂ ਝਗੜੇ ਕਾਰਨ ਜਸਪ੍ਰੀਤ ਕੌਰ ਆਪਣੇ ਪੇਕੇ ਲੱਧੇਵਾਲ ਰਹਿ ਰਹੀ ਹੈ। ਮ੍ਰਿਤਕ ਲਖਬੀਰ ਸਿੰਘ ਦੀ ਪਤਨੀ ਅਤੇ ਬੇਟੀਆਂ ਤਾਨੀਆ, ਸੋਨੀਆ ਅਤੇ ਕੁਲਦੀਪ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪਤਨੀ ਅਤੇ ਬੇਟੀਆਂ ਵੱਲੋਂ ਛੱਡੇ ਜਾਣ ਕਾਰਨ ਲਖਬੀਰ ਸਿੰਘ ਆਪਣੀ ਭੈਣ ਦੇ ਕੋਲ ਰਹਿੰਦਾ ਸੀ। ਮ੍ਰਿਤਕ ਦੇ ਪਿੰਡ ਨਿਵਾਸੀ ਵੀ ਇਸ ਗੱਲ ਉੱਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹਨ ਕਿ ਲਖਬੀਰ ਸਿੰਘ ਗੁਰੂ ਸਾਹਿਬ ਦੀ ਬੇਅਦਬੀ ਕਰ ਸਕਦਾ ਸੀ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਵਹਿਸ਼ੀਆਨਾ ਕਤਲ ਨਿੰਦਣਯੋਗ, ਸਖ਼ਤ ਕਾਰਵਾਈ ਹੋਵੇ : ਚੁਘ

PunjabKesari

ਇਸ ਮੌਕੇ ਜਦੋਂ ਥਾਣਾ ਸਰਾਏ ਅਮਾਨਤ ਖਾਂ ਦੇ ਇੰਸਪੈਕਟਰ ਬਲਵਿੰਦਰ ਸਿੰਘ ਤੇੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵਿਅਕਤੀ ਆਪਣੀ ਭੈਣ ਦੇ ਨਾਲ ਪਿੰਡ ਚੀਮਾ ਵਿਖੇ ਰਹਿ ਰਿਹਾ ਸੀ ਅਤੇ ਇਸ ਦੀ ਪਤਨੀ ਅਤੇ ਤਿੰਨ ਕੁੜੀਆਂ ਨਾਲ ਆਪਣੇ ਪੇਕੇ ਪਿੰਡ ਲੱਧੇਵਾਲ 4-5 ਸਾਲਾਂ ਤੋਂ ਰਹਿ ਰਹੇ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਉਹ ਉੱਥੇ ਕਿਸ ਦੇ ਨਾਲ ਗਿਆ ਸੀ ਅਤੇ ਉਸ ਨੂੰ ਕਿਸ ਨੇ ਬੇਅਦਬੀ ਕਰਨ ਲਈ ਉਕਸਾਇਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਲਾਲੀਪਾਪ ਆਖਰੀ ਚਾਰ-ਪੰਜ ਮਹੀਨਿਆਂ ’ਚ ਹੀ ਕਿਉਂ ਦਿੱਤੇ ਜਾ ਰਹੇ ਹਨ? : ਸਿੱਧੂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News