ਪਿੰਡਾਂ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਖੂਨਦਾਨ ਵੀ ਕਰਦੇ ਹਨ ਇਹ 'ਜਵਾਨ ਪੰਜਾਬ ਦੇ'
Wednesday, May 13, 2020 - 12:19 PM (IST)
ਹਰਪ੍ਰੀਤ ਸਿੰਘ ਕਾਹਲੋਂ
30 ਸਾਲ ਦੇ ਮੁਹੰਮਦ ਕਫ਼ੀਲ ਆਪਣੇ 22 ਸਾਥੀਆਂ ਨਾਲ ਕੋਰੋਨਾ ਸੰਕਟ ਦੇ ਦੌਰ ਵਿਚ ਆਪਣੀ ਸਮਰੱਥਾ ਮੁਤਾਬਕ ਸੇਵਾ ਕਰ ਰਹੇ ਹਨ। ਮੁਹੰਮਦ ਕਫ਼ੀਲ ਅਤੇ ਸਾਥੀਆਂ ਨੇ 2015 ਵਿਚ 'ਐਂਟੀ ਡਰੱਗ ਫੈੱਡਰੇਸ਼ਨ' ਸਥਾਪਤ ਕੀਤੀ ਸੀ। ਇਸ ਸਮੇਂ ਇਹ ਨੌਜਵਾਨ 650 ਪਰਿਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਕਰ ਚੁੱਕੇ ਹਨ। ਕੋਰੋਨਾ ਸੰਕਟ ਦੇ ਇਸ ਸਮੇਂ ਲੋੜਵੰਦਾਂ ਵਿਚ ਖ਼ੂਨ ਦੀ ਸਪਲਾਈ ਚੁਣੌਤੀ ਬਣੀ ਹੋਈ ਹੈ। ਅਜਿਹੇ ’ਚ ਇਹ ਨੌਜਵਾਨ ਰੋਜ਼ਾਨਾ 5 ਤੋਂ 6 ਯੂਨਿਟ ਖ਼ੂਨ ਦੀ ਸਪਲਾਈ ਵੀ ਯਕੀਨੀ ਬਣਾ ਰਹੇ ਹਨ।
ਮੁਹੰਮਦ ਕਫ਼ੀਲ ਮੁਤਾਬਕ ਇਸ ਸਮੇਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਹਰ ਬੰਦਾ ਸੇਵਾ ਦੇ ਇਸ ਮਹਾਨ ਕਾਰਜ ਵਿਚ ਜੁਟਿਆ ਹੋਇਆ ਹੈ। ਰਮਜ਼ਾਨ ਦੇ ਇਨ੍ਹਾਂ ਪਵਿੱਤਰ ਦਿਨਾਂ ਵਿਚ ਅਜਿਹੇ ਕਾਰਜ ਕਰਨ ਲਈ ਅਸੀਂ ਹਿੰਦੂ ਮੁਸਲਮਾਨ ਸਿੱਖ ਸਭ ਮਿਲਕੇ ਕਾਰਜ ਕਰ ਰਹੇ ਹਾਂ।
ਇਨ੍ਹਾਂ ਨੌਜਵਾਨਾਂ ਨੇ ਸਿਹਤ ਕਾਮਿਆਂ ਲਈ 20 PPE ਕਿੱਟਾਂ ਅਤੇ 200 ਮਾਸਕਾਂ ਦਾ ਵੀ ਪ੍ਰਬੰਧ ਕੀਤਾ ਹੈ। ਮੁਹੰਮਦ ਕਫ਼ੀਲ ਮੁਤਾਬਕ ਕਰੋਨਾ ਮਹਾਂਮਾਰੀ ਦੇ ਕਾਰਜਾਂ ਵਿੱਚ ਹਰ ਥਾਵਾਂ ਨੂੰ ਸੈਨੇਟਾਈਜ਼ ਕਰਨਾ ਵੀ ਜ਼ਰੂਰੀ ਸੀ ਇਸ ਤਹਿਤ ਅਸੀਂ ਸਬ ਡਿਵੀਜ਼ਨਲ ਮੈਜਿਸਟ੍ਰੇਟ ਦਫਤਰ ਨੂੰ 30 ਪੰਪ ਵੰਡੇ ਹਨ ਅਤੇ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਨ ਦਾ ਕਾਰਜ ਵੀ ਸਾਂਭਿਆ ਹੈ।
ਐਂਟੀ ਡਰੱਗ ਫੈੱਡਰੇਸ਼ਨ ਕੋਰੋਨਾ ਦੇ ਇਸ ਦੌਰ ਵਿਚ ਹੀ ਨਹੀਂ ਅੱਜ ਤੋਂ 5 ਸਾਲ ਪਹਿਲਾਂ ਤੋਂ ਕੰਮ ਕਰਦੀ ਆ ਰਹੀ ਹੈ। ਇਸੇ ਸੰਸਥਾ ਤਹਿਤ ਉਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਅਤੇ ਨਸ਼ਾ ਛੁਡਾਊ ਕੈਂਪ ਆਰੰਭੇ ਸਨ। ਇਹ ਸੰਸਥਾ ਹੁਣ ਤੱਕ 13 ਹਜ਼ਾਰ ਜਣਿਆਂ ਦਾ ਨਸ਼ਾ ਛੁਡਵਾ ਚੁੱਕੀ ਹੈ।
ਪੜ੍ਹੋ ਇਹ ਵੀ ਖਬਰ - ਮੋਦੀਖਾਨੇ ਵਾਲ਼ਾ ਦੌਲਤ ਖ਼ਾਂ ਲੋਧੀ
ਪੜ੍ਹੋ ਇਹ ਵੀ ਖਬਰ - 962 ਮੰਡੀਆਂ ਖੇਤੀ ਪੈਦਾਵਾਰ ਦੇ ਮੰਡੀਕਰਨ ਲਈ ਈ-ਨਾਮ ਪਲੈਟਫਾਰਮ ’ਤੇ ਹੋਈਆਂ ਇਕੱਠੀਆਂ
ਮੁਹੰਮਦ ਕਫ਼ੀਲ ਅਤੇ ਸਾਥੀਆਂ ਨੇ ਮਲੇਰਕੋਟਲੇ ਦੇ ਨੇੜਲੇ ਪੰਜ ਪਿੰਡਾਂ ਨੂੰ ਵੀ ਸੈਨੇਟਾਈਜ਼ ਕੀਤਾ ਹੈ। ਸੈਨੇਟਾਇਜ਼ ਕੀਤੇ ਪਿੰਡਾਂ ਵਿਚੋਂ ਪਿੰਡ ਰੁੜਕਾ, ਉਪੋਕੀ ਹੈਦਰਪੁਰ, ਬਿੰਜੋਕੀ ਕਲਾਂ ਅਤੇ ਖੁਰਦ ਪ੍ਰਮੁੱਖ ਹਨ। ਮੁਹੰਮਦ ਕਫ਼ੀਲ ਦੱਸਦੇ ਹਨ ਕਿ ਇਹ ਕਾਰਜ ਸਫ਼ਲ ਕਰਨ ਲਈ ਉਨ੍ਹਾਂ ਨੂੰ ਵਿਦੇਸ਼ ਬੈਠੇ ਮਿੱਤਰਾਂ ਨੇ ਵਿਸ਼ੇਸ਼ ਮਦਦ ਦਿੱਤੀ ਹੈ। ਇਸ ਵਿਚ ਆਸਟਰੇਲੀਆ ਤੋਂ ਗੁਰਪ੍ਰੀਤ ਸਿੰਘ ਕੰਗ, ਗੁਰਪ੍ਰੀਤ ਸਿੰਘ ਸੰਗਾਲੀ, ਉਸਵਿੰਦਰ ਚਾਹਲ, ਬਲਵਿੰਦਰ ਚੁੱਪਕਾ, ਗੁਰਵਿੰਦਰ ਬਾਗੜੀ ਅਤੇ ਜਰਮਨ ਤੋਂ ਇਰਫਾਨ ਵਿਸ਼ੇਸ਼ ਹਨ।
ਪੜ੍ਹੋ ਇਹ ਵੀ ਖਬਰ - ਆੜੂ ਅਤੇ ਆਲੂ ਬੁਖਾਰੇ ਦਾ ਨਹੀਂ ਮਿਲ ਰਿਹਾ ਵਾਜਬ ਮੁੱਲ
ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ‘ਜਿਮੀਕੰਦ’, ਬਲੱਡ ਸੈੱਲਸ ਨੂੰ ਵਧਾਉਣ ਦਾ ਵੀ ਕਰੇ ਕੰਮ
"ਅਸੀਂ ਆਪਣੇ ਸਾਥੀਆਂ ਨਾਲ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ’ਤੇ ਲੰਗਰ ਲਾਉਂਦਿਆਂ ਪਾਣੀ ਅਤੇ ਫਲਾਂ ਦੀ ਸੇਵਾ ਕਰਦੇ ਹਾਂ। ਦੁਨੀਆਂ ’ਚ ਮੁਹੱਬਤ ਕਾਇਮ ਹੀ ਤਾਂ ਹੋਵੇਗੀ ਜੇ ਅਸੀਂ ਨਫ਼ਰਤਾਂ ਦੇ ਖਿਲਾਫ ਮੁਹੱਬਤੀ ਸਾਂਝਾਂ ਦੇ ਅਜਿਹੇ ਕਾਰਜ ਕਰਾਂਗੇ। ਕੋਰੋਨਾ ਇਕ ਬੀਮਾਰੀ ਹੈ ਅਤੇ ਇਹ ਧਰਮ ਵੇਖ ਕੇ ਨਹੀਂ ਆਉਂਦੀ। ਹਾਂ ਇਹ ਜ਼ਰੂਰੀ ਹੈ ਕਿ ਕੱਲ੍ਹ ਨੂੰ ਜੇ ਕਿਸੇ ਹਿੰਦੂ ਨੂੰ ਇਹ ਬੀਮਾਰੀ ਹੁੰਦੀ ਹੈ ਤਾਂ ਉਹਦੀ ਸੇਵਾ ਲਈ ਮੁਸਲਮਾਨ ਤਿਆਰ ਰਹੇ। ਇੰਜ ਹੀ ਜੇ ਕਿਸੇ ਮੁਸਲਮਾਨ ਜਾਂ ਸਿੱਖ ਨੂੰ ਇਹ ਬੀਮਾਰੀ ਹੁੰਦੀ ਹੈ ਤਾਂ ਉਹਦੀ ਸੇਵਾ ਲਈ ਸਾਡਾ ਕੋਈ ਹਿੰਦੂ ਵੀਰ ਜ਼ਰੂਰ ਆਵੇ। ਹਰ ਧਰਮ ਦੀ ਆਵਾਜ਼ ਇਨਸਾਨੀਅਤ ਹੈ ਜੇ ਅਸੀਂ ਇਹ ਸਮਝ ਗਏ ਤਾਂ ਲੜਾਈਆਂ ਹੋਣੀਆਂ ਬੰਦ ਹੋ ਜਾਣਗੀਆਂ।" -ਮੁਹੰਮਦ ਕਫ਼ੀਲ, ਮਾਲੇਰਕੋਟਲੇ ਤੋਂ ਕੋਰੋਨਾ ਸੰਕਟ ਸਮੇਂ ਸੇਵਾ ਕਰਦਿਆਂ