ਸਿੱਖ ਲੜਕੀ ਨਾਲ ਵਿਆਹ ਕਰਵਾਉਂਦਾ ਮੁਸਲਿਮ ਲੜਕਾ ਯੂ. ਪੀ. ''ਚੋਂ ਗ੍ਰਿਫਤਾਰ

01/16/2018 5:10:53 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸਿੱਖ ਲੜਕੀ ਨੂੰ ਵਰਗਲਾ ਕੇ ਯੂ. ਪੀ. 'ਚ ਵਿਆਹ ਰਚਾਉਂਦੇ ਇਕ ਮੁਸਲਿਮ ਲੜਕੇ ਨੂੰ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕੀਤਾ।
ਥਾਣਾ ਸਿਟੀ ਬਰਨਾਲਾ ਦੇ ਐੈੱਸ. ਐੱਚ. ਓ. ਬਲਵੰਤ ਸਿੰਘ ਨੇ ਦੱਸਿਆ ਕਿ ਬਰਨਾਲਾ ਦੀ ਇਕ ਔਰਤ ਨੇ 12 ਜਨਵਰੀ 2018 ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਜਨਵਰੀ ਦੀ ਰਾਤ ਤੋਂ ਉਸ ਦੀ ਛੋਟੀ ਲੜਕੀ ਘਰੋਂ ਗਾਇਬ ਹੈ ਤੇ ਇਕ ਦਿਨ ਦੀ ਭਾਲ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਹੇਅਰ ਕਟਿੰਗ ਦਾ ਕੰਮ ਕਰਦਾ ਕਲੀਮ ਉਰਫ ਸਮੀਰ ਨਾਮੀ ਲੜਕਾ ਆਪਣੇ ਸਾਥੀ ਸਣੇ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਕਿਤੇ ਲੈ ਗਿਆ ਹੈ। ਇਸ 'ਤੇ ਪੁਲਸ ਨੇ ਕਲੀਮ ਤੇ ਉਸ ਦੇ ਸਾਥੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕੀਤੀ ਤਾਂ ਇਸ ਦੌਰਾਨ ਹੀ ਬਰਨਾਲਾ ਦੀ ਪੁਲਸ ਨੂੰ ਯੂ. ਪੀ. ਦੇ ਬਾਗਪਤ ਜ਼ਿਲੇ ਦੀ ਪੁਲਸ ਦਾ ਫੋਨ ਆਇਆ ਕਿ ਕਲੀਮ ਵਾਸੀ ਸ਼ਿਵਦਾਸਪੁਰ ਜ਼ਿਲਾ ਸਹਾਰਨਪੁਰ ਨੂੰ ਬਰਨਾਲਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ, ਜੋ ਇਸ ਲੜਕੀ ਦਾ ਧਰਮ ਤਬਦੀਲ ਕਰ ਕੇ ਅਦਾਲਤ ਵਿਚ ਉਸ ਨਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਥੇ ਜਦੋਂ ਕੁਝ ਲੋਕਾਂ ਨੇ ਦੇਖਿਆ ਕਿ ਕਾਗਜ਼ਾਤ ਅਨੁਸਾਰ ਲੜਕੀ ਸਿੱਖ ਹੈ ਤੇ ਵਿਆਹ ਕਰਵਾਉਣ ਵਾਲਾ ਲੜਕਾ ਮੁਸਲਿਮ ਹੈ ਤਾਂ ਰੌਲਾ ਪੈ ਗਿਆ ਤੇ ਗੱਲ ਥਾਣੇ ਤੱਕ ਪਹੁੰਚ ਗਈ, ਜਿਥੋਂ ਦੋਵਾਂ ਨੂੰ ਥਾਣਾ ਬਾਗਪਤ 'ਚ ਲਿਆਂਦਾ ਗਿਆ। ਇਸ ਤੋਂ ਬਾਅਦ ਬਰਨਾਲਾ ਦੀ ਪੁਲਸ ਪਾਰਟੀ ਬਾਗਪਤ ਗਈ ਤੇ ਕਲੀਮ ਨੂੰ ਗ੍ਰਿਫਤਾਰ ਕਰ ਕੇ ਲੜਕੀ ਸਣੇ ਬਰਨਾਲਾ ਲੈ ਆਈ।


Related News