ਮੁਸਲਮਾਨ ਸ਼ਰੀਅਤ ''ਚ ਦਖਲ ਦੇਣ ਵਾਲੇ ਕਿਸੇ ਵੀ ਕਾਨੂੰਨ ਨੂੰ ਨਹੀਂ ਮੰਨਣਗੇ

Saturday, Dec 30, 2017 - 05:35 AM (IST)

ਲੁਧਿਆਣਾ(ਸਲੂਜਾ)-ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਵੱਧ-ਚੜ੍ਹ ਕੇ ਸ਼ਹਾਦਤਾਂ ਦੇਣ ਵਾਲੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ 88ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਇਤਿਹਾਸਕ ਜਾਮਾ ਮਸਜਿਦ ਦੇ ਸਾਹਮਣੇ ਅੱਜ ਹਜ਼ਾਰਾਂ ਅਹਿਰਾਰੀਆਂ ਦੇ ਨਾਲ ਅਹਿਰਾਰ ਦਾ ਝੰਡਾ ਫਹਿਰਾਇਆ ਅਤੇ ਇਸ ਦੇ ਨਾਲ ਹੀ ਅਹਿਰਾਰੀ ਤਰਾਨਾ ਪੜ੍ਹਿਆ ਗਿਆ ਤੇ ਝੰਡੇ ਦੇ ਨਜ਼ਦੀਕ ਦੁਆ ਕਰਵਾਈ ਗਈ। ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਭਾਰਤ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਰਈਸ-ਉੱਲ-ਅਹਿਰਾਰ ਮੌਲਾਨਾ ਹਬੀਬ ਉਰ-ਰਹਿਮਾਨ ਲੁਧਿਆਣਵੀ, ਸਈਦ ਉੱਲ ਅਹਿਰਾਰ, ਸਈਦ ਅਤਾਉਲਾਹ ਸ਼ਾਹ ਬੁਖਾਰੀ, ਚੌਧਰੀ ਅਫ਼ਜ਼ਲ ਹੱਕ ਨੇ 29 ਦਸੰਬਰ 1929 ਈ. ਨੂੰ ਲਾਹੌਰ ਦੇ ਹਬੀਬ ਹਾਲ 'ਚ ਕੀਤੀ ਸੀ। ਅਹਿਰਾਰ ਪਾਰਟੀ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ  ਦੇਸ਼ 'ਚ ਉਸ ਸਮੇਂ ਮੌਜੂਦ ਜ਼ਾਲਿਮ ਅੰਗਰੇਜ਼ ਸਰਕਾਰ ਨੂੰ ਦੇਸ਼ ਤੋਂ ਉਖਾੜ ਕੇ ਬਾਹਰ ਸੁੱਟੇ ਅਤੇ ਅਹਿਰਾਰ ਪਾਰਟੀ ਦੇ ਵਰਕਰਾਂ ਨੇ ਆਪਣੇ ਇਸ ਫਰਜ਼ ਨੂੰ ਚੰਗੀ ਤਰ੍ਹਾਂ ਨਿਭਾਇਆ। ਇਕ-ਦੋ ਨਹੀਂ ਬਲਕਿ ਹਜ਼ਾਰਾਂ ਅਹਿਰਾਰੀ ਵਰਕਰਾਂ ਨੇ ਜੰਗ-ਏ-ਆਜ਼ਾਦੀ 'ਚ ਜੇਲਾਂ ਕੱਟੀਆਂ ਹਨ। ਸ਼ਾਹੀ ਇਮਾਮ ਨੇ ਕਿਹ ਕਿ ਜੇਕਰ ਅੱਜ ਵੀ ਜ਼ਰੂਰਤ ਪਈ ਤਾਂ ਅਸੀਂ ਦੇਸ਼ ਦੀ ਸੁਰੱਖਿਆ ਲਈ ਖੂਨ ਦਾ ਆਖਰੀ ਕਤਰਾ ਵੀ ਵਹਾ ਦੇਵਾਂਗੇ। ਅਹਿਰਾਰ ਕਿਸੇ ਇਤਿਹਾਸਕਾਰ ਦੀ ਮੁਹਤਾਜ ਨਹੀਂ ਹੈ, ਅਸੀਂ ਆਪਣਾ ਇਤਿਹਾਸ ਆਪਣੇ ਖੂਨ ਨਾਲ ਲਿਖਦੇ ਹਾਂ। ਅੱਜ ਵੀ ਅਹਿਰਾਰੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰ ਰਹੇ ਹਨ। ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਅੰਗਰੇਜ਼ ਤਾਂ ਭਾਰਤ ਛੱਡ ਗਏ ਪਰ ਉਸ ਦੇ ਕਈ 'ਟਾਊਟ' ਅੱਜ ਵੀ ਦੇਸ਼ 'ਚ ਮੌਜੂਦ ਹਨ, ਜਿਨ੍ਹਾਂ ਨੂੰ ਅਸੀਂ ਬੇਨਕਾਬ ਕਰਦੇ ਰਹਾਂਗੇ। ਇਸ ਮੌਕੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ 'ਤੇ ਰੌਸ਼ਨੀ ਪਾਉਂਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਪਿਆਰੇ ਨਬੀ ਨੇ ਇਨਸਾਨੀਅਤ ਨੂੰ ਗੁਲਾਮੀ ਤੋਂ ਆਜ਼ਾਦੀ ਦਿਵਾ ਕੇ ਦੁਨੀਆ ਭਰ ਦੇ ਇਨਸਾਨਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਹਰ ਖ਼ਾਸ ਅਤੇ ਆਮ ਤੱਕ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਪੈਗਾਮ ਪਹੁੰਚਾਇਆ ਜਾਵੇ ਤਾਂ ਜੋ ਆਪਸ ਦੀਆਂ ਨਫ਼ਰਤਾਂ, ਮੁਹੱਬਤਾਂ 'ਚ ਬਦਲ ਜਾਣ। ਇਸ ਮੌਕੇ ਕਾਰੀ ਮੋਹਤਰਮ, ਅਕਰਮ ਅਲੀ, ਮੁਹੰਮਦ ਸਰਫਰਾਜ਼, ਅੰਜੂਮ ਅਸਗਰ, ਮੁਫ਼ਤੀ ਜਮਾਲੁਦੀਨ, ਮੁਫ਼ਤੀ ਸੱਦਾਮ, ਗੁਲਾਮ ਹੈਸਨ ਕੈਸਰ, ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਹਾਜ਼ਰ ਸਨ। 


Related News