ਮਸਕਟ 'ਚ ਫਸੀਆਂ ਪੰਜਾਬ ਦੀਆਂ 11 ਕੁੜੀਆਂ, ਭਗਵੰਤ ਮਾਨ ਨੇ ਵੀਡੀਓ ਰਾਹੀਂ ਮੰਗੀ ਜਾਣਕਾਰੀ
Saturday, Feb 08, 2020 - 06:50 PM (IST)
ਜਲੰਧਰ : ਓਮਾਨ ਦੇ ਮਸਕਟ ਸ਼ਹਿਰ ਵਿਚ ਫਸੀਆਂ ਪੰਜਾਬ ਦੀਆਂ 11 ਕੁੜੀਆਂ ਨੇ ਵੀਡੀਓ ਰਾਹੀਂ ਮਦਦ ਦੀ ਗੁਹਾਰ ਲਗਾਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਫੇਸਬੁਕ ਪੇਜ 'ਤੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇਸ ਦੀ ਜਾਣਕਾਰੀ ਮੰਗੀ ਹੈ। ਮਾਨ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਨ੍ਹਾਂ ਕੁੜੀਆਂ ਸੰਬੰਧੀ ਕੋਈ ਜਾਣਕਾਰੀ ਹੈ ਜਾਂ ਇਨ੍ਹਾਂ ਦੇ ਪਾਸਪੋਰਟ ਦੀ ਡਿਟੇਲ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰਨ ਤਾਂ ਜੋ ਇਨ੍ਹਾਂ ਭੈਣਾਂ ਦੀ ਘਰ ਵਾਪਸੀ ਕਰਵਾਈ ਜਾ ਸਕੇ।
ਵੀਡੀਓ ਵਿਚ ਉਕਤ ਕੁੜੀਆਂ ਨੇ ਮਦਦ ਦੀ ਗੁਹਾਰ ਲਗਾਉਂਦਿਆਂ ਆਖਿਆ ਹੈ ਕਿ ਪੰਜਾਬ ਦੀਆਂ 11 ਕੁੜੀਆਂ ਮਸਕਟ ਦੇ ਓਮਾਨ ਸ਼ਹਿਰ ਵਿਚ ਫਸੀਆਂ ਹੋਈਆਂ ਹਨ। ਪੰਜਾਬ ਦੇ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਨੂੰ ਕੋਈ ਹੋਰ ਕੰਮ ਦੱਸ ਕੇ ਮਸਕਟ ਲਿਆਂਦਾ ਗਿਆ ਜਦਕਿ ਇਥੇ ਉਨ੍ਹਾਂ ਨੂੰ ਘਰਾਂ ਦੇ ਕੰਮ ਕਰਨ ਲਈ ਲਗਾ ਦਿੱਤਾ ਗਿਆ, ਜਿਥੇ ਨਾ ਸਿਰਫ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਸਗੋਂ ਉਨ੍ਹਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਜ਼ਿਆਦਾਤਰ ਕੁੜੀਆਂ ਦੀ ਸਿਹਤ ਵੀ ਕਾਫੀ ਖਰਾਬ ਹੋ ਚੁੱਕੀ ਹੈ।
ਮਦਦ ਮੰਗ ਰਹੀਆਂ ਕੁੜੀਆਂ ਨੇ ਆਖਿਆ ਕਿ ਉਨ੍ਹਾਂ ਨੇ ਭਾਰਤੀ ਅੰਬੈਸੀ ਤੋਂ ਵੀ ਮਦਦ ਮੰਗੀ ਸੀ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ, ਉਨ੍ਹਾਂ ਨੇ ਪੰਜਾਬ ਦੇ ਕਈ ਲੀਡਰਾਂ ਨਾਲ ਵੀ ਸੰਪਰਕ ਕੀਤਾ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।