ਢਾਈ ਸਾਲ ਬਾਅਦ ਖੁੱਲ੍ਹਿਆ ਕਤਲ ਦਾ ਰਾਜ਼, ਸਾਹਮਣੇ ਆਈ ਸ਼ਾਤਰ ਪਤਨੀ ਦੀ ਖ਼ਤਰਨਾਕ ਕਰਤੂਤ
Monday, Sep 21, 2020 - 05:19 PM (IST)
ਫਿਰੋਜ਼ਪੁਰ (ਸੰਨੀ ਚੋਪੜਾ)- ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਚ ਲੱਗਭਗ ਪੌਣੇ ਦੋ ਸਾਲ ਪਹਿਲਾਂ ਪਿੰਡ ਪੋਜੋ ਕੇ ਉਤਾੜ ਵਿਖੇ ਕਰੰਟ ਲੱਗਣ ਨਾਲ ਹੋਈ ਮੌਤ ਦੇ ਸਬੰਧ ਵਿਚ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਨੇ ਮਾਮਲੇ ਵਿਚ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮ੍ਰਿਤਕ ਦੀ ਪਤਨੀ ਫਿਲਹਾਲ ਫਰਾਰ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਕਤਲ ਨਾਜਾਇਜ਼ ਸੰਬੰਧਾਂ ਕਾਰਣ ਹੋਇਆ ਦੱਸਿਆ ਜਾ ਰਿਹਾ ਹੈ। ਫ਼ਿਲਹਾਲ ਪੁਲਸ ਵਲੋਂ ਅਜੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਦਰਅਸਲ ਮ੍ਰਿਤਕ ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਮਾਂ ਹਰਜਿੰਦਰ ਕੌਰ ਵੱਲੋਂ ਮਾਣਯੋਗ ਹਾਈਕੋਰਟ ਵਿਚ ਪਾਈ ਗਈ ਪਟੀਸ਼ਨ ਤੋਂ ਬਾਅਦ ਫਿਰੋਜ਼ਪੁਰ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਪਿੱਛੋਂ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਵੀ ਦੱਸਣਯੋਗ ਹੈ ਕਿ ਪੀੜਤਾਂ ਵੱਲੋਂ ਲਾਈ ਗੁਹਾਰ ਵਿਚ ਆਪਣੀ ਨੂੰਹ ਪਰਮਪ੍ਰੀਤ ਕੌਰ ਅਤੇ ਉਸ ਦੇ ਪ੍ਰੇਮੀ ਜਸਵਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀ ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ
ਇੰਸਪੈਕਟਰ ਅਭਿਨਵ ਚੌਹਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਪੋਜੋ ਕੇ ਉਤਾੜ ਵਿਖੇ 17/12/2018 ਨੂੰ ਰਾਤ ਦੇ ਸਮੇਂ ਸਰਬਜੀਤ ਸਿੰਘ ਦੀ ਕਰੰਟ ਲੱਗਣ ਕਾਰਣ ਸ਼ੱਕੀ ਹਾਲਾਤ ਚ ਮੌਤ ਹੋ ਗਈ ਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਅੰਤਿਮ ਸੰਸਕਾਰ ਕਰ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਸਰਬਜੀਤ ਸਿੰਘ ਦੀ ਮਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਉਕਤ ਉਤੇ ਸ਼ੱਕ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੁਹਾਰ ਲਾਈ ਸੀ। ਉਨ੍ਹਾਂ ਦੱਸਿਆ ਕਿ ਤਤਕਾਲੀਨ ਐੱਸ. ਪੀ. ਐੱਚ (ਆਪ੍ਰੇਸ਼ਨਜ਼) ਬਲਜੀਤ ਸਿੰਘ ਸਿੱਧੂ ਅਤੇ ਡੀ. ਐੱਸ. ਪੀ. (ਫਿਰੋਜ਼ਪੁਰ ਦਿਹਾਤੀ) ਸਤਨਾਮ ਸਿੰਘ ਵੱਲੋਂ ਕੀਤੀ ਗਈ ਪੜਤਾਲ ਦੇ ਤਹਿਤ 05/11/19 ਨੂੰ ਦੋਸ਼ੀਆਂ ਦੇ ਖ਼ਿਲਾਫ਼ ਧਾਰਾ 302/34/120 ਬੀ. ਦੇ ਤਹਿਤ ਮੁਕੱਦਮਾ ਨੰ. 120 ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦੀ ਪ੍ਰੇਮਿਕਾ (ਮ੍ਰਿਤਕ ਦੀ ਪਤਨੀ) ਪਰਮਪ੍ਰੀਤ ਕੌਰ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ