ਮੁਕਤਸਰ ''ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਭਰਾ ਨੇ ਬੇਰਿਹਮੀ ਨਾਲ ਛੋਟੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
Tuesday, Sep 12, 2017 - 02:20 PM (IST)
ਸ੍ਰੀ ਮੁਕਤਸਰ ਸਾਹਿਬ (ਤਨੇਜਾ) — ਮਾਮੂਲੀ ਘਰੇਲੂ ਝਗੜੇ ਦੇ ਚਲਦਿਆਂ ਇਕ ਭਰਾ ਵਲੋਂ ਆਪਣੇ ਹੀ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੇ ਇਸ ਮਾਮਲੇ 'ਚ ਥਾਣਾ ਪੁਲਸ ਨੇ ਮ੍ਰਿਤਕ ਦੇ ਭਰਾ, ਭਾਬੀ ਤੇ ਉਸ ਦੀ ਭੈਣ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਸਥਾਨਕ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਵਾਲੇ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਗੋਨਿਆਨਾ ਰੋਡ ਸਫੇਦ ਵਾਲੀ ਬਸਤੀ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਉਸ ਦਾ ਭਰਾ ਜ਼ੋਰਾ ਸਿੰਘ ਆਪਣੀ ਭਾਬੀ ਕਿਰਨ ਦੇ ਚਾਲ ਚਲਣ 'ਤੇ ਸ਼ੱਕ ਕਰਦਾ ਸੀ। ਜਿਸ ਕਾਰਨ ਅਕਸਰ ਹੀ ਉਨ੍ਹਾਂ ਦੇ ਘਰ 'ਚ ਲੜਾਈ ਝਗੜਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਸੀ। ਬੀਤੀ ਰਾਤ ਵੀ ਇਸੇ ਗੱਲ ਨੂੰ ਲੈ ਕੇ ਮੁੜ ਝਗੜਾ ਹੋਇਆ ਉਸ ਸਮੇਂ ਘਰ 'ਚ ਕਿਰਨ ਦੀ ਭੈਣ ਰੇਖਾ ਵੀ ਆਈ ਹੋਈ ਸੀ। ਕਿਰਨ ਤੇ ਰੇਖਾ ਦੇ ਉਕਸਾਉਣ 'ਤੇ ਦੋਵਾਂ ਭਰਾਵਾਂ ਵਿਚਾਲੇ ਝਗੜਾ ਵੱਧ ਗਿਆ ਤੇ ਗੁਰਦੀਪ ਸਿੰਘ ਨੇ ਜੁੱਤੀ ਬਨਾਉਣ ਵਾਲੇ ਆਰ (ਸੂਏ) ਨਾਲ ਜ਼ੋਰਾ ਸਿੰਘ ਦੀ ਛਾਤੀ 'ਤੇ ਵਾਰ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਇੰਚਾਰਜ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਸ਼ਿਕਾਇਥ 'ਤੇ ਗੁਰਦੀਪ ਸਿੰਘ ਉਰਫ ਹਰਦੀਪ, ਉਸ ਦੀ ਪਤਨੀ ਕਿਰਨ ਤੇ ਸਾਲੀ ਰੇਖਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
