ਜ਼ਮੀਨ ਦੇ ਲਾਲਚ ''ਚ ਅੰਨੇ ਹੋਏ ਭਤੀਜੇ ਨੇ ਚਾਚੇ ਨੂੰ ਦਿੱਤੀ ਦਿਲ ਦਹਿਲਾ ਦੇਣ ਵਾਲੀ ਮੌਤ (ਵੀਡੀਓ)
Saturday, Aug 12, 2017 - 09:30 PM (IST)
ਮੁਕਤਸਰ (ਤਰਸੇਮ ਢੁੱਡੀ) — ਇਥੇ ਕੋਠੇ ਦਸ਼ਮੇਸ਼ ਨਗਰ 'ਚ ਜ਼ਮੀਨ ਖਾਤਰ ਭਤੀਜੇ ਵਲੋਂ ਚਾਚੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਟਭਾਈ ਪੁਲਸ ਨੇ ਮਿੱਠੂ ਸਿੰਘ ਨਿਵਾਸੀ ਪੁੱਤਰ ਪੂਰਣ ਸਿੰਘ ਨਿਵਾਸੀ ਕੋਠੇ ਦਸ਼ਮੇਸ਼ ਨਗਰ ਹਾਲ ਆਬਾਦ ਭਾਰੂ ਚੌਕ ਗਿੱਦੜਾਹਾ ਦੇ ਬਿਆਨਾਂ 'ਤੇ ਇਕ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਥਾਣਾ ਇੰਚਾਰਜ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿੱਠੂ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ, ਮਿੱਠੂ ਸਿੰਘ, ਰਾਮ ਰੱਖਾ ਸਿੰਘ ਤੇ ਮੇਜਰ ਸਿੰਘ, ਇਨ੍ਹਾਂ 'ਚੋਂ ਮੇਜਰ ਸਿੰਘ ਦਾ ਵਿਆਹ ਨਹੀਂ ਹੋਇਆ ਤੇ ਉਹ ਇਕੱਲਾ ਹੀ ਪਿੰਡ 'ਚ ਰਹਿੰਦਾ ਸੀ ਤੇ ਉਸ ਦੇ ਦੂਜੇ ਭਰਾ ਰਾਮ ਰੱਖਾ ਸਿੰਘ ਨੇ ਆਪਣੇ ਹਿੱਸੇ ਦੀ ਜ਼ਮੀਨ ਪਹਿਲਾਂ ਹੀ ਵੇਚ ਲਈ ਸੀ ਤੇ ਹੁਣ ਰਾਮ ਰੱਖਾ ਉਸ ਦੇ ਭਰਾ ਮੇਜਰ ਸਿੰਘ ਦੀ ਜ਼ਮੀਨ 'ਤੇ ਨਜ਼ਰ ਰੱਖੀ ਬੈਠਾ ਸੀ, ਜਿਸ ਦੇ ਚਲਦਿਆਂ ਰਾਮ ਰੱਖਾ ਦੇ ਲੜਕੇ ਮੇਜਰ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਮੇਜਰ ਨਾਲ ਕੁੱਟਮਾਰ ਵੀ ਕੀਤੀ ਸੀ ਤੇ ਇਸ ਸੰਬੰਧ 'ਚ ਥਾਣੇ ਸ਼ਿਕਾਇਤ ਵੀ ਦਰਜ ਵੀ ਕਰਵਾਈ ਗਈ ਸੀ ਤੇ ਬੀਤੀ ਰਾਤ ਉਸ ਦੇ ਜਵਾਈ ਨੇ ਦੱਸਿਆ ਕਿ ਮੇਜਰ ਦਾ ਕਤਲ ਹੋ ਚੁੱਕਾ ਹੈ।

ਪੁਲਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਉਕਤ ਮਿੱਠੂ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਬੀਤੀ ਸ਼ਾਮ ਰਾਮ ਰੱਖਾ ਦੇ ਪੁੱਤਰ ਕੁਲਦੀਪ ਸਿੰਘ ਤੇ ਮੇਜਰ ਨੂੰ ਇੱਕਠੇ ਦੇਖਿਆ ਸੀ । ਜਿਸ ਕਾਰਨ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਭਰਾ ਦਾ ਕਤਲ ਕੁਲਦੀਪ ਨੇ ਕੀਤਾ ਹੈ। ਪੁਲਸ ਨੇ ਮਿੱਠੂ ਦੇ ਬਿਆਨ ਦਰਜ ਕਰ ਕੇ ਕੁਲਦੀਪ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਅਜੇ ਪੁਲਸ ਦੀ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

