ਗਗਨੇਜਾ ਤੇ ਪਾਸਟਰ ਸੁਲਤਾਨ'' ਕਤਲ ਮਾਮਲਿਆਂ ਨੂੰ ਸੁਲਝਾਉਣ ਲਈ ਪੁਲਸ ਕਰ ਰਹੀ ਹੈ ਪੂਰੀ ਮਿਹਨਤ : ਡੀ. ਜੀ. ਪੀ.

07/30/2017 9:56:03 AM

ਕਪੂਰਥਲਾ (ਭੂਸ਼ਣ)-ਸੂਬੇ 'ਚ ਆਰ. ਐੱਸ. ਐੱਸ. ਨੇਤਾ ਬਿਗ੍ਰੇਡੀਅਰ ਜਗਦੀਸ਼ ਗਗਨੇਜਾ ਤੇ ਬੀਤੇ ਦਿਨੀਂ ਲੁਧਿਆਣਾ 'ਚ ਪਾਸਟਰ ਸੁਲਤਾਨ ਦੀ ਹੱਤਿਆ ਦੇ ਮਾਮਲਿਆਂ ਨੂੰ ਸੁਲਝਾਉਣ ਲਈ ਪੰਜਾਬ ਪੁਲਸ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ, ਉਥੇ ਹੀ ਇਨ੍ਹਾਂ ਦੋਹਾਂ ਮਾਮਲਿਆਂ ਨੂੰ ਲੈ ਕੇ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਜਿਥੇ ਪੰਜਾਬ ਪੁਲਸ 'ਚ ਸਬ-ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇਗੀ। ਉਥੇ ਹੀ 50 ਲੱਖ ਰੁਪਏ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਹ ਗੱਲਾਂ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਜ਼ਿਲਾ ਪੁਲਸ ਲਾਈਨ 'ਚ ਕਹੀਆਂ। ਡੀ. ਜੀ. ਪੀ. ਸੁਰੇਸ਼ ਅਰੋੜਾ ਸ਼ਨੀਵਾਰ ਨੂੰ ਆਪਣੇ ਕਪੂਰਥਲਾ ਦੌਰੇ ਦੌਰਾਨ ਇਸ ਸਬੰਧੀ ਜਾਣਕਾਰੀ ਦੇ ਰਹੇ ਸਨ।   
ਸ਼ਨੀਵਾਰ ਦੀ ਸਵੇਰੇ ਕਪੂਰਥਲਾ ਦੀ ਜ਼ਿਲਾ ਪੁਲਸ ਲਾਈਨ 'ਚ ਪੁੱਜੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਜਿਥੇ ਵਿਸ਼ੇਸ਼ ਪੁਲਸ ਟੀਮ ਤੋਂ ਸਲਾਮੀ ਲਈ, ਉਥੇ ਹੀ ਪੁਲਸ ਲਾਈਨ 'ਚ ਚਲ ਰਹੀ ਬੂਟੇ ਲਾਉਣ ਦੀ ਮੁਹਿੰਮ ਦੌਰਾਨ ਫਲਦਾਰ ਬੂਟੇ ਲਾਏ। ਜਿਸਦੇ ਦੌਰਾਨ ਜ਼ਿਲੇ ਦੇ ਸਾਰੇ ਜੀ.ਓ. ਰੈਂਕ ਦੇ ਅਫਸਰਾਂ, ਵੱਖ-ਵੱਖ ਥਾਣਿਆਂ ਦੇ ਐੱਸ. ਐੱਚ. ਓ. ਅਤੇ ਵੱਖ-ਵੱਖ ਵਿੰਗਾਂ ਦੇ ਇੰਚਾਰਜਾਂ ਨੂੰ ਸੰਬੋਧਨ ਕਰਦੇ ਹੋਏ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਸੂਬੇ 'ਚ ਚਲ ਰਹੀ ਡਰੱਗ ਵਿਰੋਧੀ ਮੁਹਿੰਮ ਨੂੰ ਲਗਾਤਾਰ ਚਲਾਇਆ ਜਾਵੇਗਾ। ਉਥੇ ਹੀ ਡਰੱਗ ਵੇਚਣ ਵਾਲੇ ਸਮੱਗਲਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਦੌਰ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਪੁਲਸ ਅਫਸਰਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਆਪਣੇ ਖੇਤਰ 'ਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ, ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਲਗਾਤਾਰ ਜਾਰੀ ਰੱਖਣ। ਡਰੱਗ ਸਮੱਗਲਿੰਗ ਦਾ ਕੰਮ ਕਰਨ ਵਾਲੇ ਮੁਲਜ਼ਮਾਂ ਦੀ ਪ੍ਰਾਪਰਟੀ ਨੂੰ ਸਰਕਾਰੀ ਤੌਰ 'ਤੇ ਅਟੈਚ ਕਰਨ ਦਾ ਕੰਮ ਹੋਰ ਵੀ ਤੇਜ਼ ਕੀਤਾ ਜਾਵੇ। 
ਇਸ ਸਮਾਗਮ ਦੇ ਦੌਰਾਨ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਉਨ੍ਹਾਂ ਪੁਲਸ ਕਰਮਚਾਰੀਆਂ ਅਤੇ ਅਫਸਰਾਂ ਦੇ 20 ਬੱਚਿਆਂ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ। ਜਿਨ੍ਹਾਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਲਏ ਸਨ ।ਜਿਸ ਦੇ ਦੌਰਾਨ ਡੀ. ਜੀ. ਪੀ. ਨੇ ਰਿਟਾਇਰਡ ਪੁਲਸ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਐੱਲ. ਸੀ. ਡੀ. ਵੀ ਦਿੱਤੀ। ਇਸ ਸਮਾਗਮ ਦੇ ਦੌਰਾਨ ਡੀ. ਜੀ. ਪੀ. ਨੇ ਮੌਜੂਦ ਸਾਰੇ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਨਸ਼ੇ ਤੇ ਅਪਰਾਧਾਂ ਦੇ ਖਿਲਾਫ ਸਹਿਯੋਗ ਦੀ ਅਪੀਲ ਕੀਤੀ।
ਇਸ ਸਮਾਗਮ ਦੇ ਦੌਰਾਨ ਆਈ. ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ, ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ, ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ, ਐੱਸ. ਪੀ. ਟ੍ਰੈਫਿਕ ਬਲਬੀਰ ਸਿੰਘ ਭੱਟੀ , ਐੱਸ. ਪੀ. ਫਗਵਾੜਾ ਪਰਮਿੰਦਰ ਸਿੰਘ ਭੰਡਾਲ , ਡੀ. ਐੱਸ. ਪੀ. ਸਬ-ਡਵੀਜ਼ਨ ਕਪੂਰਥਲਾ ਗੁਰਮੀਤ ਸਿੰਘ , ਡੀ. ਐੱਸ. ਪੀ. ਵਰਿਆਮ ਸਿੰਘ , ਡੀ. ਐੱਸ. ਪੀ. ਹੈੱਡਕੁਆਟਰ ਅਮਰੀਕ ਸਿੰਘ  ਚਾਹਲ ਅਤੇ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਸਮੇਤ ਵੱਖ-ਵੱਖ ਥਾਣਿਆਂ ਦੇ ਐੱਸ. ਐੱਚ. ਓ. ਮੌਜੂਦ ਸਨ।  

ਸੂਬੇ 'ਚ ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ 
ਕਪੂਰਥਲਾ ਪੁਲਸ ਵਲੋਂ ਪਿਛਲੇ ਦਿਨੀਂ ਸ਼ਹਿਰ ਦੇ ਨਜ਼ਦੀਕੀ ਪਿੰਡ ਤੋਂ ਫੜੇ ਗਏ ਅੱਤਵਾਦੀਆਂ ਨੂੰ ਲੈ ਕੇ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਕਿਸੇ ਵੀ ਹਾਲਤ 'ਚ ਅੱਤਵਾਦ ਨੂੰ ਸਿਰ ਨਹੀਂ ਚੁਕਣ ਦਿੱਤਾ ਜਾਵੇਗਾ। ਜਿਸਦੇ ਮਕਸਦ ਨਾਲ ਪੰਜਾਬ ਪੁਲਸ ਸਾਰੇ ਜ਼ਿਲਿਆਂ 'ਚ ਉਨ੍ਹਾਂ ਸਾਰੇ ਵਿਅਕਤੀਆਂ 'ਤੇ ਨਜ਼ਰ ਰੱਖ ਰਹੀ ਹੈ ਜਿਨ੍ਹਾਂ ਦੇ ਤਾਰ ਕਦੇ ਅੱਤਵਾਦ ਨਾਲ ਜੁੜੇ ਰਹੇ ਹਨ । ਅਜਿਹੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।  

ਐੱਸ. ਐੱਸ. ਪੀ. ਸਮੇਤ 4 ਪੁਲਸ ਅਫਸਰਾਂ ਨੂੰ ਦਿੱਤੀ ਡੀ. ਜੀ. ਪੀ. ਡਿਸਕ
ਉੱਤਰੀ ਭਾਰਤ ਦੇ ਕਈ ਸ਼ਹਿਰਾਂ 'ਚ ਏ. ਟੀ. ਐੱਮ. ਤੋੜਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਖਤਰਨਾਕ ਗੈਂਗ ਨੂੰ ਗ੍ਰਿਫਤਾਰ ਕਰਨ ਵਾਲੀ ਪੁਲਸ ਟੀਮ ਦੀ ਭਾਰੀ ਕਾਮਯਾਬੀ ਨੂੰ ਲੈ ਕੇ ਡੀ. ਜੀ. ਪੀ. ਨੇ ਐੱਸ. ਐੱਸ. ਪੀ. ਸੰਦੀਪ ਸ਼ਰਮਾ , ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ, ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਅਤੇ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਇੰਸਪੈਕਟਰ ਨਰਿੰਦਰ ਸਿੰਘ ਔਜਲਾ ਨੂੰ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ ਕਰਦੇ ਹੋਏ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਪੁਲਸ ਅਫਸਰਾਂ ਨੂੰ ਸਨਮਾਨਿਤ ਕਰਨ ਦਾ ਦੌਰ ਲਗਾਤਾਰ ਜਾਰੀ ਰਹੇਗਾ। ਜਿਸਦੇ ਦੌਰਾਨ ਡੀ. ਜੀ. ਪੀ. ਨੇ 7 ਹੋਰ ਪੁਲਸ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ।  


Related News