22 ਸਾਲਾ ਨੌਜਵਾਨ ਦੀ ਲਾਸ਼ ਮਿਲੀ : ਹਾਦਸਾ ਜਾਂ ਹੱਤਿਆ?

Thursday, Nov 30, 2017 - 07:25 AM (IST)

22 ਸਾਲਾ ਨੌਜਵਾਨ ਦੀ ਲਾਸ਼ ਮਿਲੀ : ਹਾਦਸਾ ਜਾਂ ਹੱਤਿਆ?

ਲਾਲੜੂ  (ਜ. ਬ.) - ਅੱਜ ਸਵੇਰੇ 4 ਵਜੇ ਲਾਲੜੂ ਪਿੰਡ ਦੇ ਨਿਵਾਸੀ 22 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗਡਰੀਆ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਤੇ ਲਾਲੜੂ ਮੰਡੀ ਵਿਚ ਫਲਾਂ ਦੀ ਰੇਹੜੀ ਲਾਉਂਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਗੁਰਜੰਟ ਸਿੰਘ (22) ਪੁੱਤਰ ਦਲਵਿੰਦਰ ਸਿੰਘ ਵਾਸੀ ਪਿੰਡ ਲਾਲੜੂ ਬੀਤੀ ਰਾਤ ਬਿਜਲੀ ਗਰਿੱਡ ਦੇ ਸਾਹਮਣੇ ਬਣੇ ਮੈਰਿਜ ਪੈਲੇਸ 'ਚ ਆਪਣੇ ਪਰਿਵਾਰ ਸਮੇਤ ਵਿਆਹ ਵੇਖਣ ਗਿਆ ਸੀ। ਜਦੋਂ ਪਰਿਵਾਰ ਵਾਲੇ ਘਰ ਵਾਪਸ ਆ ਗਏ ਸਨ ਤਾਂ ਮ੍ਰਿਤਕ ਉਥੇ ਹੀ ਰਹਿ ਗਿਆ ਸੀ, ਜਿਸ ਦਾ ਮੋਟਰਸਾਈਕਲ ਹਾਦਸਾਗ੍ਰਸਤ ਹਾਲਤ ਵਿਚ ਆਈ. ਟੀ. ਆਈ. ਦੇ ਸਾਹਮਣੇ ਮੁੱਖ ਮਾਰਗ ਦੇ ਕੰਢਿਓਂ ਅੱਜ ਸਵੇਰੇ 4 ਵਜੇ ਮਿਲਿਆ ਤੇ ਉਸ ਦੀ ਲਾਸ਼ ਕਾਫੀ ਦੂਰ ਪੀਰ ਬਾਬੇ ਦੀ ਦਰਗਾਹ ਦੇ ਪਿੱਛੇ ਬਣੇ ਮਾਤਾ ਰਾਣੀ ਦੇ ਸਥਾਨਾਂ ਤੋਂ ਨੰਗੀ ਹਾਲਤ ਵਿਚ ਮਿਲੀ ਹੈ, ਜਿਸ ਨੂੰ ਘੜੀਸ ਕੇ ਲਿਜਾਇਆ ਗਿਆ ਤੇ ਉਸ ਦੇ ਮੂੰਹ ਤੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।
ਜਾਣਕਾਰੀ ਮੁਤਾਬਿਕ ਮ੍ਰਿਤਕ 4 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ 'ਤੇ ਪੈਲੇਸ ਤੋਂ ਲਾਲੜੂ ਪਿੰਡ ਵੱਲ ਆ ਰਿਹਾ ਸੀ ਕਿ ਰਸਤੇ ਵਿਚ ਇਹ ਘਟਨਾ ਵਾਪਰ ਗਈ। ਬੀਤੀ ਰਾਤ ਮੁੱਖ ਮਾਰਗ 'ਤੇ ਸਥਿਤ ਮੈਰਿਜ ਪੈਲੇਸ ਵਿਚ ਖਟੀਕ ਮੁਹੱਲੇ ਵਿਚ ਰਹਿੰਦੇ ਸਤੀਸ਼ ਕੁਮਾਰ ਦੀ ਲੜਕੀ ਦਾ ਵਿਆਹ ਸੀ, ਜਿਸ ਵਿਚ ਸ਼ਾਮਲ ਹੋਣ ਲਈ ਮ੍ਰਿਤਕ ਤੇ ਉਸ ਦੇ ਪਰਿਵਾਰ ਵਾਲੇ ਗਏ ਹੋਏ ਸਨ।
ਪੁਲਸ ਨੇ ਮ੍ਰਿਤਕ ਦੇ ਵੱਡੇ ਭਰਾ ਨਰੇਸ਼ ਕੁਮਾਰ ਦੇ ਬਿਆਨ ਤੇ ਹੱਤਿਆ ਦਾ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ 'ਚ ਰਖਵਾ ਦਿੱਤਾ। ਭਲਕੇ ਡਾਕਟਰਾਂ ਦੇ ਇਕ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਪਰਿਵਾਰਕ ਸੂਤਰਾਂ ਮੁਤਾਬਿਕ ਮ੍ਰਿਤਕ ਦੇ ਪਿਤਾ ਭੇਡਾਂ-ਬੱਕਰੀਆਂ ਚਾਰਨ ਦਾ ਕੰਮ ਕਰਦੇ ਹਨ, ਜਿਨ੍ਹਾਂ ਨੇ ਅਜੇ ਤਕ ਇਸ ਸਬੰਧੀ ਕਿਸੇ 'ਤੇ ਸ਼ੱਕ ਨਹੀਂ ਕੀਤਾ। ਦੂਜੇ ਪਾਸੇ ਪੁਲਸ ਮੈਰਿਜ ਪੈਲੇਸ ਦੇ ਸੀ. ਸੀ. ਟੀ. ਵੀ. ਕੈਮਰੇ ਤੇ ਵਿਆਹ ਦੀ ਮੂਵੀ ਖੰਗਾਲ ਰਹੀ ਹੈ।


Related News