ਸਿੱਖ ਨੇਤਾ ਤ੍ਰਿਲੋਚਨ ਸਿੰਘ ਵਜੀਰ ਦੀ ਹੱਤਿਆ ਤੇ ਗਾਂਧੀਨਗਰ ਡਕੈਤੀ ਦਾ ਮਾਸਟਰਮਾਈਂਡ ਗ੍ਰਿਫ਼ਤਾਰ
Tuesday, Dec 13, 2022 - 10:18 PM (IST)
ਜੰਮੂ (ਉਦੈ/ਨਿਸ਼ਚਯ) : ਜੰਮੂ-ਕਸ਼ਮੀਰ ਪੁਲਸ ਨੇ 5 ਦਿਨ ਪਹਿਲਾਂ ਗਾਂਧੀਨਗਰ ਵਿਚ ਇਕ ਵਪਾਰੀ ਦੇ ਘਰ ਡਕੈਤੀ ਕਰ ਕੇ 15 ਲੱਖ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ 5 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੇ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਕਿ ਉਹ ਨਾਗਰ ਸਿੰਘ ਦੀ ਹੱਤਿਆ ਦੇ ਉਦੇਸ਼ ਨਾਲ ਆਏ ਸਨ। ਪੁਲਸ ਨੇ ਇਨ੍ਹਾਂ ਕੋਲੋਂ 5 ਲੱਖ ਰੁਪਏ, 2 ਪਿਸਤੌਲਾਂ, ਜ਼ਿੰਦਾ ਕਾਰਤੂਸ, 6 ਪੁਲਸ ਵਰਦੀਆਂ, 10 ਪੁਲਸ ਟੋਪੀਆਂ, ਮੋਬਾਇਲ ਫੋਨ ਬਰਾਮਦ ਕੀਤੇ ਹਨ। ਏ. ਡੀ. ਜੀ. ਪੀ. ਮੁਤਾਬਕ ਡਕੈਤੀ ਮਾਮਲੇ ਵਿਚ ਸ਼ਾਮਲ 10 ਦੋਸ਼ੀਆਂ ਵਿਚੋਂ 9 ਪੰਜਾਬ ਦੇ ਵਾਸੀ ਹਨ। ਪੁਲਸ ਮੁਤਾਬਕ ਹਰਪ੍ਰੀਤ ਸਿੰਘ ਸਿੱਖ ਨੇਤਾ ਤ੍ਰਿਲੋਚਨ ਸਿੰਘ ਹੱਤਿਆ ਦਾ ਮਾਸਟਰਮਾਈਂਡ ਸੀ। ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਦੇ 5 ਸੂਬਿਆਂ ਵਿਚ ਹਰਪ੍ਰੀਤ ਸਿੰਘ ਦਾ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।
ਏ. ਡੀ. ਜੀ. ਪੀ. ਮੁਕੇਸ਼ ਸਿੰਘ ਨੇ ਦੱਸਿਆ ਕਿ 7 ਦਸੰਬਰ ਨੂੰ ਵਪਾਰੀ ਰਾਕੇਸ਼ ਸਿੰਘ ਦੇ ਗਾਂਧੀਨਗਰ ਸਥਿਤ ਘਰ ਵਿਚ ਲੋਕ ਪੁਲਸ ਵਰਦੀ ਅਤੇ ਮਾਸਕ ਪਹਿਨ ਕੇ ਦਾਖ਼ਲ ਹੋਏ ਅਤੇ ਹਥਿਆਰਾਂ ਦੀ ਤਾਕਤ ਨਾਲ 15 ਲੱਖ ਲੁੱਟ ਕੇ ਲੈ ਗਏ। ਏ. ਡੀ. ਜੀ. ਪੀ. ਨੇ ਕਿਹਾ ਕਿ ਇਹ ਸਾਰੇ ਅਪਰਾਧੀ ਨਾਗਰ ਸਿੰਘ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਆਏ ਸਨ। ਇਸ ਦੌਰਾਨ 5 ਘੰਟੇ ਤੱਕ ਪਰਿਵਾਰ ਅਤੇ ਨੌਕਰਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ। ਪੁਲਸ ਸਟੇਸ਼ਨ ਗਾਂਧੀਨਗਰ ਵਿਚ ਇਸ ਮਾਮਲੇ ਨੂੰ ਲੈ ਕੇ ਧਾਰਾ 310, 395, 452, 120-ਬੀ ਅਤੇ 3/25 ਆਈ. ਏ. ਏ. ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਸ ਜਾਂਚ ਅਤੇ ਖੁਲਾਸੇ ਵਿਚ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਹਰਪ੍ਰੀਤ ਸਿੰਘ ਖਾਲਸਾ ਜੰਮੂ ਦੇ ਅਪਰਾਧ ਜਗਤ ’ਤੇ ਆਪਣਾ ਕਬਜ਼ਾ ਕਾਇਮ ਕਰਨਾ ਚਾਹੁੰਦਾ ਸੀ ਤਾਂ ਜੋ ਵੱਡੇ ਵਪਾਰੀਆਂ ਕੋਲੋਂ ਮੋਟੀ ਰਕਮ ਵਸੂਲੀ ਜਾ ਸਕੇ। ਹਰਪ੍ਰੀਤ ਸਿੰਘ ਨਾਗਰ ਸਿੰਘ ਦੀ ਹੱਤਿਆ ਕਰ ਕੇ ਆਪਣਾ ਗਲਬਾ ਕਾਇਮ ਕਰਨਾ ਚਾਹੁੰਦਾ ਸੀ।