ਬੱਚਿਆਂ ਲਈ ਪਟਾਕੇ ਖਰੀਦਣ ਗਏ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ

11/08/2021 3:10:10 PM

ਮੋਹਾਲੀ (ਸੰਦੀਪ) : ਪਿੰਡ ਝਾਮਪੁਰ ਦੇ ਸੁੰਨਸਾਨ ਏਰੀਆ ’ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਿੰਡ ਬਹਿਲੋਲਪੁਰ ਦੇ ਰਹਿਣ ਵਾਲੇ ਰੰਜੇ (34) ਵਜੋਂ ਹੋਈ ਹੈ। ਅਣਪਛਾਤੇ ਮੁਲਜ਼ਮਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਰੰਜੇ ਦੀਵਾਲੀ ਵਾਲੇ ਦਿਨ ਬੱਚਿਆਂ ਲਈ ਪਟਾਕੇ ਖਰੀਦਣ ਗਿਆ ਸੀ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਰੰਜੇ ਪਰਿਵਾਰ ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਅਤੇ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ। ਪੁਲਸ ਨੇ ਜਾਂਚ ਅਤੇ ਮ੍ਰਿਤਕ ਦੇ ਭਾਣਜੇ ਦੇ ਬਿਆਨਾਂ ਦੇ ਆਧਾਰ ’ਤੇ ਫਿਲਹਾਲ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਅਤੇ ਹੋਰ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬਲੌਂਗੀ ਥਾਣਾ ਇੰਚਾਰਜ ਰਾਜਪਾਲ ਅਨੁਸਾਰ ਮੁੱਢਲੀ ਜਾਂਚ ’ਚ ਮਾਮਲਾ ਲੁੱਟ ਦੀ ਕੋਸ਼ਿਸ਼ ਦਾ ਲੱਗ ਰਿਹਾ ਹੈ ਪਰ ਪੁਲਸ ਰੰਜਿਸ਼, ਪੈਸਿਆਂ ਦੇ ਲੈਣ-ਦੇਣ ਅਤੇ ਹੋਰ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਹੱਤਿਆ ਦੀ ਗੁੱਥੀ ਸੁਲਝਾਉਣ ’ਚ ਜੁਟੀ ਹੋਈ ਹੈ। ਪੁਲਸ ਨੇ ਰੰਜੇ ਦੇ ਘਰੋਂ ਕੁਝ ਦੂਰੀ ’ਤੇ ਰਹਿਣ ਵਾਲੇ ਇਕ ਰਿਸ਼ਤੇਦਾਰ ਰਾਜ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਖਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਸ਼ਾਂਤੀ ਭੰਗ ਕਰਨ ਦੇ ਦੋਸ਼ ’ਚ ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਗ੍ਰਿਫਤਾਰ

ਪੁਲਸ ਨੂੰ ਦਿੱਤੇ ਬਿਆਨਾਂ ’ਚ ਰਾਜ ਕੁਮਾਰ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਅਤੇ ਉਹ ਅਤੇ ਉਸ ਦਾ ਮਾਮਾ ਦੋਵੇਂ ਵੱਖ-ਵੱਖ ਜਗ੍ਹਾ ’ਤੇ ਕਿਰਾਏ ’ਤੇ ਪਿੰਡ ਬਹਿਲੋਲਪੁਰ ’ਚ ਰਹਿੰਦੇ ਹਨ। ਦੀਵਾਲੀ ਵਾਲੇ ਦਿਨ ਦੁਪਹਿਰ ਸਮੇਂ ਮਾਮਾ ਰੰਜੇ ਆਇਆ ਅਤੇ ਕਹਿਣ ਲੱਗਾ ਕਿ ਬੱਚੇ ਪਟਾਕਿਆਂ ਲਈ ਜ਼ਿੱਦ ਕਰ ਰਹੇ ਹਨ। ਉਸ ਨੇ ਬੱਚਿਆਂ ਲਈ ਪਟਾਕੇ ਖਰੀਦਣ ਜਾਣਾ ਹੈ। ਇਸ ਲਈ ਆਪਣਾ ਮੋਟਰਸਾਈਕਲ ਦੇ ਦਿਓ। ਇਸ ਤੋਂ ਬਾਅਦ ਮਾਮਾ ਉਸ ਦਾ ਮੋਟਰਸਾਈਕਲ ਲੈ ਕੇ ਚਲਾ ਗਿਆ। ਸ਼ਾਮ 6 ਵਜੇ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਰੰਜੇ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ। ਉਹ ਵਿਅਕਤੀ ਵੱਲੋਂ ਦੱਸੀ ਜਗ੍ਹਾ ਪਿੰਡ ਝਾਮਪੁਰ ’ਚ ਸੁੰਨਸਾਨ ਏਰੀਆਂ ’ਚ ਤੁਰੰਤ ਪਹੁੰਚੇ ਤਾਂ ਵੇਖਿਆ ਕਿ ਮਾਮਾ ਰੰਜੇ ਖੂਨ ਨਾਲ ਲੱਥਪਥ ਡਿੱਗਿਆ ਪਿਆ ਸੀ। ਰੰਜੇ ਦੀ ਛਾਤੀ ਦੇ ਖੱਬੇ ਪਾਸਿਓਂ ਖੂਨ ਵਗ ਰਿਹਾ ਸੀ। ਰੰਜੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ : 40,000 ਪਰਿਵਾਰਾਂ ਨੂੰ ਮਿਲੇਗੀ ਰਾਹਤ, ਵਿਆਜ ਦਰ 50 ਫ਼ੀਸਦੀ ਘਟਾਉਣ ਨੂੰ ਦਿੱਤੀ ਮਨਜ਼ੂਰੀ

ਰੰਜਿਸ਼, ਲੁੱਟ ਜਾਂ ਹੋਰ ਕਾਰਨ, ਪਤਾ ਲਾਉਣ ’ਚ ਜੁਟੀ ਪੁਲਸ
ਮੁਲਜ਼ਮਾਂ ਦਾ ਸੁਰਾਗ ਅਤੇ ਹੱਤਿਆ ਦਾ ਕਾਰਨ ਪਤਾ ਲਾਉਣ ਲਈ ਪੁਲਸ ਰੰਜਿਸ਼, ਲੁੱਟ ਅਤੇ ਹੋਰ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਜਾਂਚ ’ਚ ਜੁਟੀ ਹੈ। ਪੁਲਸ ਪਤਾ ਲਾ ਰਹੀ ਹੈ ਕਿ ਕੀ ਰੰਜੇ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਤਾਂ ਨਹੀ ਸੀ? ਹਾਲ ਹੀ ’ਚ ਉਸ ਦਾ ਕਿਸੇ ਨਾਲ ਕੋਈ ਝਗੜਾ ਤਾਂ ਨਹੀ ਹੋਇਆ ਸੀ? ਹਾਲਾਂਕਿ ਪੁਲਸ ਨੂੰ ਮੌਕੇ ਤੋਂ ਰੰਜੇ ਦਾ ਪਰਸ ਅਤੇ ਹੋਰ ਸਾਮਾਨ ਮਿਲਿਆ ਹੈ ਪਰ ਪੁਲਸ ਨੂੰ ਮੁਢਲੀ ਜਾਂਚ ’ਚ ਇਹ ਵੀ ਲੱਗ ਰਿਹਾ ਹੈ ਕਿ ਸ਼ਾਇਦ ਮੁਲਜ਼ਮਾਂ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਵਿਰੋਧ ਕਰਨ ’ਤੇ ਮੁਲਜ਼ਮ ਉਸ ਨੂੰ ਬਿਨਾਂ ਲੁੱਟਿਆਂ ਹੀ ਹੱਥੋਪਾਈ ਦੌਰਾਨ ਚਾਕੂ ਮਾਰ ਕੇ ਫਰਾਰ ਹੋ ਗਏ ਹੋਣ। ਪੁਲਸ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਕੇਸ ਦੀ ਜਾਂਚ ’ਚ ਜੁਟੀ ਹੋਈ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News